ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠੂਹੇਂ ਦਾ ਡੰਗਿਆ ਭਵੇਂ, ਸੱਪ ਦਾ ਡੰਗਿਆ ਸਵੇਂ——ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਠੂਹੇਂ ਦਾ ਡੰਗਿਆ ਹੋਇਆ ਬੰਦਾ ਪਲ ਭਰ ਲਈ ਵੀ ਟਿਕ ਕੇ ਬਹਿ ਨਹੀਂ ਸਕਦਾ, ਪ੍ਰੰਤੂ ਸੱਪ ਦੇ ਡੰਗੇ ਨੂੰ ਛੇਤੀ ਨੀਂਦ ਆ ਜਾਂਦੀ ਹੈ, ਜਿਸ ਕਰਕੇ ਸੱਪ ਦੀ ਜ਼ਹਿਰ ਛੇਤੀ ਅਸਰ ਕਰਕੇ ਮਾਰ ਦਿੰਦੀ ਹੈ।

ਨੇਲ੍ਹ ਦਾਲ਼ ਮੇਂ ਪਾਣੀ, ਰਾਮ ਭਲੀ ਕਰੇਗਾ——ਜਦੋਂ ਖਾਣ ਵਾਲ਼ੇ ਬਹੁਤੇ ਹੋ ਜਾਣ ਤੇ ਦਾਲ਼ ਘੱਟ ਹੋਵੇ ਤਾਂ ਕੰਮ ਸਾਰਨ ਲਈ ਦਾਲ਼ ਵਿੱਚ ਹੋਰ ਪਾਣੀ ਪਾ ਦਿੰਦੇ ਹਨ, ਉਦੋਂ ਮਜ਼ਾਕ ਵਿੱਚ ਇਹ ਅਖਾਣ ਬੋਲਿਆ ਜਾਂਦਾ ਹੈ।

ਡੱਡਾਂ ਦੀ ਪਸੇਰੀ, ਕਦੀ ਇਕ ਕਦੀ ਢੇਰੀ——ਜਦੋਂ ਵੱਖ-ਵੱਖ ਵਿਚਾਰਾਂ ਦੇ ਧਾਰਨੀ ਬੰਦੇ ਇਕ ਥਾਂ ਇਕੱਠੇ ਹੋ ਕੇ ਕਿਸੇ ਮਾਮਲੇ ਤੇ ਇਕ ਮਤ ਹੋ ਕੇ ਫ਼ੈਸਲਾ ਨਾ ਲੈ ਸਕਣ, ਉਦੋਂ ਇਹ ਅਖਾਣ ਬੋਲਦੇ ਹਨ।

ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ——ਜਦੋਂ ਕਿਸੇ ਭੈੜੇ ਬੰਦੇ ਨਾਲ਼ ਤੁਹਾਡਾ ਵਾਹ ਪੈ ਜਾਵੇ, ਉਹ ਭਲਾਮਾਣਸੀ ਨਾਲ਼ ਸੂਤ ਨਾ ਆਵੇ ਤੇ ਉਹਨੂੰ ਡੰਡਿਆਂ ਨਾਲ਼ ਸੋਧਣ ਦੀ ਲੋੜ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਡਰਦੀ ਹਰ ਹਰ ਕਰਦੀ——ਜਦੋਂ ਕੋਈ ਜਣਾ ਡੰਡੇ ਦੇ ਡਰ ਕਾਰਨ ਸੂਤ ਹੋ ਕੇ ਕੰਮ ਕਰੇ, ਉਦੋਂ ਇੰਜ ਬੋਲਦੇ ਹਨ।

ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ——ਇਹ ਅਖਾਣ ਉਦੋਂ ਬੋਲੀਦਾ ਹੈ ਜਦੋਂ ਕੋਈ ਤਕੜਾ ਬੰਦਾ ਸਖ਼ਤੀ ਵੀ ਕਰੇ ਤੇ ਅੱਗੋਂ ਫ਼ਰਿਆਦ ਵੀ ਨਾ ਕਰਨ ਦੇਵੇ।

ਡਾਢਿਆਂ ਦਾ ਸੱਤੀਂ ਵੀਹੀਂ ਸੌ——ਭਾਵ ਇਹ ਹੈ ਜਦੋਂ ਤਕੜਾ ਬੰਦਾ ਕਿਸੇ ਕਮਜ਼ੋਰ ਬੰਦੇ ਨਾਲ਼ ਜ਼ੁਲਮ ਕਰੇ ਤੇ ਆਪਣੀ ਅਣਹੱਕੀ ਮੰਗ ਨੂੰ ਮਨਵਾਏ, ਉਦੋਂ ਕਹਿੰਦੇ ਹਨ।

ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ——ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕਸਬ ਵਿੱਚ ਮਾਹਰ ਹੋਣ ਲਈ ਤਕਲੀਫ਼ਾਂ ਝੱਲਣੀਆਂ ਹੀ ਪੈਂਦੀਆਂ ਹਨ।

ਡੁੱਬਦੇ ਨੂੰ ਤਿਨਕੇ ਦਾ ਸਹਾਰਾ——ਜਦੋਂ ਔਖੇ ਸਮੇਂ ਕਿਸੇ ਨੂੰ ਮਾੜੀ ਮੋਟੀ ਵੀ ਮਦਦ ਮਿਲ ਜਾਵੇ, ਉਦੋਂ ਆਖਦੇ ਹਨ।

ਡੁੱਬੀ ਤਾਂ ਜੇ ਸਾਹ ਨਾ ਆਇਆ——ਇਸ ਅਖਾਣ ਦਾ ਭਾਵ ਇਹ ਹੈ ਕਿ ਬੰਦਾ ਉਦੋਂ ਹੀ ਹਥਿਆਰ ਸੁੱਟਦਾ ਹੈ ਜਦੋਂ ਉਸ ਨੂੰ ਜਿੱਤਣ ਦੀ ਆਸ ਨਾ ਹੋਵੇ।

ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ——ਜਦੋਂ ਕੋਈ ਥੋੜ੍ਹਾ ਜਿਹਾ ਖ਼ਰਾਬ ਹੋਇਆ ਕੰਮ ਮੁੜ ਸੁਆਰਿਆ ਜਾ ਸਕਦਾ ਹੋਵੇ, ਉਦੋਂ ਇੰਜ ਆਖਦੇ ਹਨ।

ਡੇਢ ਪਾ ਖਿਚੜੀ, ਚੁਬਾਰੇ ਰਸੋਈ——ਜਦੋਂ ਕੋਈ ਥੋੜ੍ਹੀ ਜਿਹੀ ਹੈਸੀਅਤ ਦਾ ਮਾਲਕ ਬੰਦਾ ਫੋਕੀ ਫ਼ੂੰ-ਫ਼ਾਂ ਕਰੇ, ਉਦੋਂ ਆਖਦੇ ਹਨ।

ਲੋਕ ਸਿਆਣਪਾਂ/100