ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਬੇਲੇ ਦੀ ਬਲਾ ਬਾਂਦਰ ਦੇ ਸਿਰ——ਜਦੋਂ ਦੋਸ਼ੀ ਤਾਂ ਕੋਈ ਹੋਰ ਹੋਵੇ, ਸਜ਼ਾ ਕਿਸੇ ਹੋਰ ਨੂੰ ਭੁਗਤਣੀ ਪਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਤਰ ਓਏ ਸੂਰਮਿਆਂ ਆਪਣੀ ਬਾਹੀਂ ——ਜਦੋਂ ਕਿਸੇ ਪਾਸੇ ਤੋਂ ਸਹਾਇਤਾ ਮਿਲਣ ਦੀ ਆਸ ਨਾ ਹੋਵੇ, ਆਪਣੇ ਆਪ ਹੀ ਕੰਮ ਨੇਪਰੇ ਚਾੜ੍ਹਨ ਲਈ ਆਪਣੇ ਮਨ ਨੂੰ ਤਕੜਾ ਕਰਨ ਵਾਸਤੇ ਇਹ ਅਖਾਣ ਵਰਤਦੇ ਹਨ।

ਤਰ ਗਏ ਜਣੇਂਦੇ, ਅੱਖਾਂ ਨੂਟ ਕੇ ਲਾਵਾਂ ਦੇਂਦੇ——ਜਦੋਂ ਕੋਈ ਆਪਣੀ ਧੀ ਦੇ ਪੈਸੇ ਵਟਕੇ ਉਸ ਨੂੰ ਕਿਸੇ ਅਣਜੋੜ ਸਾਥੀ ਨਾਲ਼ ਵਿਆਹ ਦੇਵੇ, ਉਦੋਂ ਇੰਜ ਆਖਦੇ ਹਨ।

ਤ੍ਰੇਏ ਵੰਨ ਕਵੰਨ, ਮੱਝ ਡੱਬੀ, ਭੇਡ ਭਸਲੀ ਤੇ ਦਾੜ੍ਹੀ ਵਾਲ਼ੀ ਰੰਨ——ਉੱਪਰ ਦੱਸੀ ਕਿਸਮ ਦੀ ਮੱਝ, ਭੇਡ ਤੇ ਤੀਵੀਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ।

ਤਰਸਦੀ ਨੇ ਦਿੱਤਾ, ਵਿਲਕਦੀ ਨੇ ਖਾਧਾ, ਨਾ ਜੀਭ ਜਲੀ ਨਾ ਸੁਆਦ ਆਇਆ{{bar|2}ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਕੋਈ ਜਣਾ ਮੱਥੇ ਵੱਟ ਪਾ ਕੇ ਕੋਈ ਚੀਜ਼ ਕਿਸੇ ਨੂੰ ਦੇਵੇ, ਉਦੋਂ ਲੈਣ ਵਾਲ਼ੇ ਨੂੰ ਕੋਈ ਖੁਸ਼ੀ ਨਹੀਂ ਹੁੰਦੀ।

ਤਰਖਾਣ ਸਿੱਧਾ ਹੋਵੇ ਲਕੜੀ ਆਪੇ ਸਿੱਧੀ ਹੋ ਜਾਂਦੀ ਹੈ——ਭਾਵ ਇਹ ਹੈ ਕਿ ਜੇਕਰ ਕਾਰੀਗਰ ਸਿਆਣਾ ਹੋਵੇ ਤਾਂ ਉਹ ਘਟੀਆ ਸਮਾਨ ਤੋਂ ਵੀ ਕੰਮ ਲੈ ਲੈਂਦਾ ਹੈ।

ਤ੍ਰੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ——ਜਦੋਂ ਕੋਈ ਬਜ਼ੁਰਗ ਪੁੱਤ, ਪੋਤਰਿਆਂ ਵਾਲ਼ਾ ਹੋ ਕੇ ਵੀ ਮਿਹਨਤ ਮਜ਼ਦੂਰੀ ਕਰੇ ਜਾਂ ਜਿਸ ਨੂੰ ਉਸ ਦੀ ਔਲਾਦ ਸਾਂਭੇ ਨਾ, ਰੁਲਦਾ ਫਿਰੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਤ੍ਰੇਹ ਲੱਗਣ ਤੇ ਖੂਹ ਨਹੀਂ ਪੁੱਟਣ ਹੁੰਦੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਚੀਜ਼ ਦੀ ਲੋੜ ਵੇਲੇ ਉਸ ਦੀ ਪ੍ਰਾਪਤੀ ਲਈ ਭੱਜ-ਨੱਠ ਕੀਤੀ ਜਾਵੇ।

ਤ੍ਰੇਲ ਚੱਟਿਆਂ ਤ੍ਰੇਹ ਨਹੀਂ ਲਹਿੰਦੀ——ਭਾਵ ਇਹ ਹੈ ਕਿ ਜ਼ਰੂਰੀ ਖ਼ਰਚ ਕਰਨ ਵੇਲੇ ਕਿਰਸ ਕਰਨ ਨਾਲ ਕੰਮ ਨਹੀਂ ਚਲਦਾ।

ਤਲਵਾਰ ਦਾ ਫੱਟ ਮਿਲ਼ ਜਾਂਦੈ, ਜ਼ਬਾਨ ਦਾ ਨਹੀਂ ਮਿਲਦਾ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਦੋਸਤ-ਮਿੱਤਰ ਜਾਂ ਸ਼ਰੀਕ ਵੱਲੋਂ ਬੋਲੇ ਚੁੱਕਵੇਂ ਬੋਲ ਨਹੀਂ ਭੁੱਲਦੇ ਤਰਵਾਰ ਦਾ ਫਟ ਮਿਲ਼ ਜਾਂਦਾ ਹੈ।

ਤਵੇ ਤੇ ਆ ਕੇ ਰੱਬ ਦੀ ਮਾਰ——ਜਦੋਂ ਕੋਈ ਬੰਦਾ ਉਂਜ ਤੇ ਚੰਗਾ ਭਲਾ ਹੋਵੇ, ਪ੍ਰੰਤੂ ਕੰਮ ਕਰਨ ਨੂੰ ਆਖਣ 'ਤੇ ਮੱਥੇ ਵੱਟ ਪਾ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਤਵੇ ਵਾਲ਼ੀ ਤੇਰੀ ਤੇ ਹੱਥ ਵਾਲ਼ੀ ਮੇਰੀ——ਇਹ ਅਖਾਣ ਚਲਾਕ ਬੰਦੇ ਲਈ ਉਦੋਂ ਵਰਤਦੇ ਹਨ ਜਦੋਂ ਉਹ ਚਲਾਕੀ ਨਾਲ ਠੱਗਣ ਦਾ ਯਤਨ ਕਰੇ।

ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਕਿਸੇ ਦੀ ਰੀਸੋ ਰੀਸ ਕੰਮ ਕਰੇ।

ਲੋਕ ਸਿਆਣਪਾਂ/103