ਤਾਰ ਹਿੱਲੀ ਤੇ ਰਾਗ ਬੁੱਝਿਆ ਜਦੋਂ ਕਿਸੇ ਦਾ ਇਸ਼ਾਰਾ ਕਰਨ ਤੇ ਕਹਿਣ ਵਾਲ਼ੇ ਦੀ ਗੱਲ ਸਮਝ ਪੈ ਜਾਵੇ, ਉਦੋਂ ਇੰਜ ਆਖੀਦਾ ਹੈ।
ਤਾਰੂ ਹਮੇਸ਼ਾ ਦਰਿਆ ਦੀ ਮੌਤ ਮਰਦਾ ਹੈ ਭਾਵ ਇਹ ਹੈ ਕਿ ਖ਼ਤਰਨਾਕ ਕੰਮ ਕਰਨ ਵਾਲ਼ੇ ਅਕਸਰ ਖ਼ਤਰਨਾਕ ਮੌਤ ਮਰਦੇ ਹਨ।
ਤਾਲੋਂ ਘੁੱਥੀ ਡੂਮਣੀ ਬੋਲੇ ਤਾਲ ਬੇਤਾਲ ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਮੌਕਾ ਖੁੰਝ ਜਾਣ ਤੇ ਕੋਈ ਇਧਰ-ਉਧਰ ਹੱਥ ਪੈਰ ਮਾਰੇ ਤੇ ਭਟਕਦਾ ਫਿਰੇ।
ਤਾੜੀ ਦੋਹੀਂ ਹੱਥੀਂ ਵਜਦੀ ਹੈ ਭਾਵ ਸਪੱਸ਼ਟ ਹੈ ਕਿ ਲੜਾਈ-ਝਗੜਾ ਦੋਹਾਂ ਧਿਰਾਂ ਦੀ ਆਪਸੀ ਖਿੱਚੋਤਾਣ ਨਾਲ਼ ਹੁੰਦਾ ਹੈ। ਦੋਨੋਂ ਧਿਰਾਂ ਜ਼ਿੰਮੇਵਾਰ ਹਨ। ਜੇ ਆਪਸ ਵਿੱਚ ਸੁਲਾਹ ਸਫ਼ਾਈ ਹੋ ਜਾਵੇ ਤਾਂ ਝਗੜਾ ਮੁੱਕ ਜਾਂਦਾ ਹੈ।
ਤਿੱਤਰ ਖੰਭੀ ਬਦਲੀ, ਮਿਹਰੀ (ਤੀਵੀਂ) ਸੁਰਮਾ ਪਾ, ਉਹ ਵਸਾਵੇ ਮੇਘਲਾ, ਉਹ ਨੂੰ ਖਸਮ ਦੀ ਚਾਹ ਭਾਵ ਇਹ ਹੈ ਕਿ ਤਿੱਤਰ ਖੰਭੀ ਬੱਦਲੀ ਜ਼ਰੂਰ ਮੀਂਹ ਵਰਸਾਉਂਦੀ ਹੈ, ਹਾਰ ਸ਼ਿੰਗਾਰ ਕਰਨ ਵਾਲ਼ੀ ਤੀਵੀਂ ਨੂੰ ਆਪਣੇ ਪਤੀ ਦੇ ਮਿਲਾਪ ਦੀ ਚਾਹਨਾ ਹੁੰਦੀ ਹੈ।
ਤਿੱਤਰ ਖੰਭੀ ਬੱਦਲੀ, ਰੰਡੀ ਸੁਰਮਾ ਪਾਏ, ਉਹ ਵੱਸੇ ਉਹ ਉਜੜੇ (ਉਧਲੇ) ਕਦੇ ਨਾ ਬਿਰਥੀ ਜਾਏ ਇਸ ਅਖਾਣ ਦੇ ਭਾਵ ਅਰਥ ਸਪੱਸ਼ਟ ਹਨ, ਤਿੱਤਰ ਖੰਭ ਬਦਲੀ ਜ਼ਰੂਰ ਵਸਦੀ ਹੈ ਅਤੇ ਹਾਰ ਸ਼ਿੰਗਾਰ ਲਾ ਕੇ ਅੱਖ ਮਟੱਕੇ ਲਾਉਣ ਵਾਲ਼ੀ ਵਿਧਵਾ ਨਾਰ ਉੱਧਲ ਜਾਂਦੀ ਹੈ।
ਤਿੰਨ ਚੀਜ਼ਾਂ ਮਿੱਠੀਆਂ ਨਾਰੀ, ਕੁੜਮ, ਕਮੀਨ, ਤਿੰਨ ਚੀਜ਼ਾਂ ਕੌੜੀਆਂ ਮਿਰਚ, ਤਮਾਕੂ, ਅਫੀਮ ਇਸ ਅਖਾਣ ਦਾ ਭਾਵ ਸਪੱਸ਼ਟ ਹੈ।
ਤਿੰਨ ਬੁਲਾਏ ਤੇਰਾਂ ਆਏ, ਸੁਣ ਸੰਤਨ ਦੀ ਬਾਣੀ, ਰਾਧਾ ਕ੍ਰਿਸ਼ਨ ਗੋਬਿੰਦਾ, ਨੇਲ੍ਹ ਦਾਲ਼ ਮੇਂ ਪਾਣੀ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਅਚਾਨਕ ਹੀ ਘਰ ਵਿੱਚ ਬਹੁਤੇ ਪ੍ਰਾਹੁਣੇ ਆ ਜਾਣ ਤੇ ਡੰਗ ਸਾਰਨ ਲਈ ਦਾਲ਼ ਵਿੱਚ ਹੋਰ ਪਾਣੀ ਪਾ ਕੇ ਦਾਲ਼ ਵਧਾਉਣੀ ਪਵੇ।
ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜਦੋਂ ਕੋਈ ਬੰਦਾ ਕਿਸੇ ਗਿਣਤੀ ਵਿੱਚ ਨਾ ਗਿਣਿਆਂ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।
ਤਿੰਨੇ ਟੱਟੇ ਨਾ ਮਿਲਣ, ਪੱਥਰ, ਸ਼ੀਸ਼ਾ, ਚਿੱਤ ਇਹ ਅਖਾਣ ਅਟੱਲ ਸੱਚਾਈ ਨੂੰ ਦਰਸਾਉਂਦਾ ਹੈ। ਉਪਰੋਕਤ ਤਿੰਨੇ ਚੀਜ਼ਾਂ ਟੁੱਟ ਜਾਣ ਮਗਰੋਂ ਦੁਬਾਰਾ ਨਹੀਂ ਜੁੜਦੀਆਂ।
ਤੀਜਾ ਰਲ਼ਿਆ ਤਾਂ ਕੰਮ ਗਲ਼ਿਆ ਆਮ ਲੋਕਾਂ ਵਿੱਚ ਇਹ ਵਹਿਮ ਪ੍ਰਚੱਲਿਤ ਹੈ ਕਿ ਤੀਜਾ ਬੰਦਾ ਨਹਿਸ਼ ਹੁੰਦਾ ਹੈ। ਜਦੋਂ ਤਿੰਨ ਜਣੇ ਰਲ਼ ਕੇ ਕਿਸੇ ਕੰਮ ਜਾਣ, ਉਹ ਕੰਮ ਸਿਰੇ ਨਾ ਲੱਗੇ, ਉਦੋਂ ਇੰਜ ਆਖਦੇ ਹਨ।
ਲੋਕ ਸਿਆਣਪਾਂ/104