ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਰ ਕਮਾਨੋ ਤੇ ਬੋਲ ਜ਼ਬਾਨੋਂ ਨਿਕਲਕੇ ਮੁੜ ਨਹੀਂ ਆਉਂਦੇ——ਭਾਵ ਸਪੱਸ਼ਟ ਹੈ ਕਿ ਕਮਾਨੋਂ ਚਲਿਆ ਤੀਰ ਤੇ ਜ਼ਬਾਨੋਂ ਬੋਲਿਆ ਬੋਲ ਕਦੀ ਵਾਪਸ ਨਹੀਂ ਮੁੜਦੇ, ਇਸ ਲਈ ਬੋਲਣ ਲੱਗਿਆਂ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।

ਤੀਰ ਨਹੀਂ ਉੱਕਾ ਹੀ ਸਹੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਕੰਮ ਦੇ ਨੇਪਰੇ ਚੜ੍ਹਨ ਦਾ ਪੂਰਾ ਭਰੋਸਾ ਨਾ ਹੋਵੇ।

ਤੁਹਾਡਾ ਮਾਲ ਵਧੇ, ਸਾਡੀਆਂ ਬੁੱਕਾਂ ਵੱਧਣ——ਜਦੋਂ ਇਹ ਦੱਸਣਾ ਹੋਵੇ ਕਿ ਇਕ ਦੇ ਫ਼ਾਇਦੇ ਵਾਲ਼ੀ ਗੱਲ ਦੋਹਾਂ ਧਿਰਾਂ ਲਈ ਫ਼ਈਦੇਮੰਦ ਸਾਬਤ ਹੋ ਸਕਦੀ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਤੁਖ਼ਮ ਤਾਸੀਰ, ਤੇ ਸਹੁਬਤ ਦਾ ਅਸਰ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਚੰਗੀ ਕੁਲ ਦਾ ਬੰਦਾ ਮਾੜੀ ਸੰਗਤ ਵਿੱਚ ਪੈ ਕੇ ਚੌੜ ਹੋ ਜਾਵੇ ਤੇ ਮਾੜੇ ਕੰਮ ਕਰੇ।

ਤੁਰਤ ਦਾਨ ਮਹਾਂ ਦਾਨ——ਭਾਵ ਇਹ ਹੈ ਕਿ ਚੰਗੇ ਕੰਮ ਕਰਨ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ, ਕਈ ਵਾਰ ਸਲਾਹ ਬਦਲ ਜਾਂਦੀ ਹੈ।

ਤੁਰੀ ਹੋਈ ਜੂੰ ਵੀ ਮਾਣ ਨਹੀਂ ਹੁੰਦੀ——ਇਸ ਅਖਾਣ ਵਿੱਚ ਉੱਦਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਸਹਿਜ ਤੋਰ ਤੁਰਿਆਂ ਵੀ ਬੰਦਾ ਆਪਣੀ ਮੰਜ਼ਿਲ 'ਤੇ ਪੁੱਜ ਜਾਂਦਾ ਹੈ।

ਤੂੰ ਕਿਉਂ ਰੋਂਦੀ ਏਂ ਰੰਘੜ ਦੀ ਮਾਈ, ਆਪ ਰੋਣਗੇ ਜਿਨ੍ਹਾਂ ਲੜ ਲਾਈ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਜਿਸ ਨੇ ਜਿਹੋ ਜਿਹਾ ਕੰਮ ਕੀਤਾ ਹੈ, ਉਸ ਦੀ ਜ਼ਿੰਮੇਵਾਰੀ ਉਸੇ ਦੇ ਸਿਰ ਹੈ, ਹੋਰ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ।

ਤੂੰ ਕੌਣ ਤੇ ਮੈਂ ਕੌਣ——ਜਦੋਂ ਕੋਈ ਮਤਲਬੀ ਬੰਦਾ ਆਪਣਾ ਕੰਮ ਕੱਢ ਕੇ ਸਹਾਇਤਾ ਕਰਨ ਵਾਲ਼ੇ ਬੰਦੇ ਨੂੰ ਭੁੱਲ-ਭੁਲਾ ਦੇਵੇ, ਉਦੋਂ ਇੰਜ ਆਖਦੇ ਹਨ।

ਤੂੰ ਕੌਣ? ਮੈਂ ਖਾਹ ਮਖਾਹ——ਜਦੋਂ ਕੋਈ ਬੰਦਾ ਕਿਸੇ ਦੇ ਕੰਮ ਵਿੱਚ ਦਖ਼ਲ ਦੇਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਤੂੰ ਦਰਾਣੀ, ਮੈਂ ਜਠਾਣੀ, ਤੇਰੇ ਅੱਗ ਨਾ ਮੇਰੀ ਪਾਣੀ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਦੋਵੇਂ ਇਕੋ ਜਿਹੇ ਭੁੱਖੇ-ਨੰਗੇ ਗ਼ਰੀਬ ਇਕੱਠੇ ਹੋ ਕੇ ਮਿਲ਼ ਬੈਠਣ।

ਤੂੰ, ਨਾ ਪਾਈ ਛੱਪਰੀ, ਮੈਂ ਨਾ ਪਾਣੀ ਚੁਲ੍ਹ, ਜਿੱਧਰ ਮਰਜ਼ੀ ਆ ਉੱਧਰ ਜੁੱਲ——ਜਦੋਂ ਦੋਵੇਂ ਧਿਰਾਂ ਇਕੋ ਜਿਹੀਆਂ ਲਾਪ੍ਰਵਾਹ ਤੇ ਦੂਰ ਦ੍ਰਿਸ਼ਟੀ ਤੋਂ ਕੋਰੀਆਂ ਮਿਲ਼ ਜਾਣ, ਉਦੋਂ ਇੰਜ ਆਖਦੇ ਹਨ।

ਤੂੰ ਪਾਈ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ——ਜਦੋਂ ਕਿਸੇ ਦੀ ਗੱਲਬਾਤ ਵਿੱਚੋਂ ਉਸ ਦੀ ਚਲਾਕੀ ਤੇ ਹੁਸ਼ਿਆਰੀ ਦਾ ਪਤਾ ਲੱਗ ਜਾਵੇ, ਉਦੋਂ ਇੰਜ ਆਖਦੇ ਹਨ।

ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਨੀ ਆਂ——ਜਦੋਂ ਕੋਈ ਬੰਦਾ ਚਲਾਕੀ ਨਾਲ਼ ਕਿਸੇ ਨੂੰ ਨੁਕਸਾਨ ਪੁਚਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਲੋਕ ਸਿਆਣਪਾਂ/105