ਤੇਰੀ ਅੱਖੋਂ ਨੂਰ ਝਬੱਕੇ, ਮੇਰਾ ਫ਼ੀਹਨਾ ਨੱਕ, ਦੋਵੇਂ ਧਿਰਾਂ ਇਕੋ ਜਹੀਆਂ, ਖ਼ਾਤਰ ਜਮਾਂ ਰੱਖ ਜਦੋਂ ਦੋਹਾਂ ਧਿਰਾਂ ਇਕੋ ਜਿਹੀਆਂ ਊਣਤਾਈਆਂ ਅਤੇ ਔਗੁਣਾਂ ਵਾਲ਼ੀਆਂ ਹੋਣ, ਉਦੋਂ ਇਹ ਅਖਾਣ ਬੋਲਦੇ ਹਨ।
ਤੇਰੀ ਮਿਲੇ ਨਾ ਮਿਲੇ ਮੈਨੂੰ ਦੋ ਥਣ ਚੋ ਦੇ ਇਹ ਅਖਾਣ ਮਤਲਬੀ ਬੰਦਿਆਂ ਪ੍ਰਤੀ ਵਰਤਿਆ ਜਾਂਦਾ ਹੈ, ਭਾਵ ਇਹ ਹੈ ਕਿ ਮੇਰਾ ਕੰਮ ਬਣ ਜਾਵੇ, ਅਗਲੇ ਦਾ ਬਣੇ ਭਾਵੇਂ ਨਾ ਬਣੇ।
ਤੇਰੀ ਰੀਸ ਉਹ ਕਰੇ ਜਿਹੜਾ ਟੰਗ ਚੁੱਕ ਕੇ ਮੂਤੇ ਇਹ ਅਖਾਣ ਸ਼ੇਖ਼ੀਆਂ ਮਾਰਨ ਵਾਲ਼ੇ ਦਾ ਮੂੰਹ ਬੰਦ ਕਰਨ ਲਈ ਇਸ਼ਾਰੇ ਵਜੋਂ ਵਰਤਦੇ ਹਨ।
ਤੇਰੇ ਢਿੱਡ ਵਿੱਚ ਏ ਤੇ ਮੇਰੇ ਨਹੂੰਆਂ ਵਿੱਚ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਚਲਾਕ ਬੰਦੇ ਦੀ ਚਲਾਕੀ ਫੜ ਕੇ ਉਹ ਨੂੰ ਦੱਸਣ ਲਈ ਇਹ ਕਿਹਾ ਜਾਂਦਾ ਹੈ ਕਿ ਮੈਂ ਤੇਰੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਬਹੁਤਾ ਚਲਾਕ ਨਾ ਬਣੇ।
ਤੇਲ ਤਿਲਾਂ ਵਿੱਚੋਂ ਹੀ ਨਿਕਲਦਾ ਹੈ ਦੁਕਾਨਦਾਰ ਆਮ ਕਰਕੇ ਇਹ ਅਖਾਣ ਬੋਲਦੇ ਹਨ। ਭਾਵ ਇਹ ਹੈ ਕਿ ਜੇ ਮਾਲ ਵੇਚਿਆਂ ਲਾਭ ਨਾ ਹੋਵੇ ਤਾਂ ਉਸ ਵਿੱਚੋਂ ਰਿਆਇਤ ਨਹੀਂ ਕੀਤੀ ਜਾ ਸਕਦੀ।
ਤੇਲ ਦੇਖੋ ਤੇਲ ਦੀ ਧਾਰ ਦੇਖੋ ਇਹ ਅਖਾਣ ਕਿਸੇ ਕੰਮ ਲਈ ਢੁੱਕਵਾਂ ਸਮਾਂ ਵਿਚਾਰਨ ਤੇ ਉਡੀਕ ਕਰਨ ਦੀ ਪ੍ਰੇਰਨਾ ਦੇਣ ਲਈ ਬੋਲਿਆ ਜਾਂਦਾ ਹੈ।
ਤੇਲਾਂ ਬਾਝ ਨਾ ਬਲਣ ਮਸ਼ਾਲਾਂ, ਦਰਦਾਂ ਬਾਝ ਨਾ ਆਹੀਂ ਭਾਵ ਇਹ ਹੈ ਕਿ ਦੁਖ ਦਰਦ ਬਿਨਾਂ ਆਹ ਨਹੀਂ ਨਿਕਲਦੀ ਤੇ ਤੇਲ ਬਿਨਾਂ ਮਿਸ਼ਾਲ ਨਹੀਂ ਜਲਾਈ ਜਾ ਸਕਦੀ।
ਤੇਲੀ ਜੋੜੇ ਪਲੀ ਪਲੀ ਤੇ ਰੱਬ ਰੁੜ੍ਹਾਏ ਕੁੱਪਾ ਇਸ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਕੁਝ ਸੋਚਦਾ ਹੈ, ਕਈ ਤਰ੍ਹਾਂ ਦੇ ਸੁਪਨੇ ਉਸਾਰਦਾ ਹੈ ਪ੍ਰੰਤੂ ਪ੍ਰਮਾਤਮਾ ਪਲਾਂ ਵਿੱਚ ਹੀ ਉਸ ਦੀਆਂ ਸਕੀਮਾਂ ਢਹਿ-ਢੇਰੀ ਕਰਕੇ ਰੱਖ ਦਿੰਦਾ ਹੈ, ਇਸ ਲਈ ਰੱਬ ਦੇ ਭਾਣੇ ਅਨੁਸਾਰ ਚੱਲਣਾ ਚਾਹੀਦਾ ਹੈ। '
ਤੇਲੀ ਦੇ ਬਲਦ ਨੂੰ ਘਰੇ ਹੀ ਪੰਜਾਹ ਕੋਹ ਜਦੋਂ ਘਰ ਦੇ ਕੰਮ ਕਾਜਾਂ ਵਿੱਚੋਂ ਹੀ ਵਿਹਲ ਨਾ ਮਿਲੇ, ਬਾਹਰਲੇ ਕੰਮ ਨਾਲੋਂ ਘਰ ਦੇ ਕੰਮਾਂ ਵਿੱਚ ਜ਼ਿਆਦਾ ਖੇਚਲ ਕਰਨੀ ਪਵੇ, ਉਦੋਂ ਇਹ ਅਖਾਣ ਵਰਤਦੇ ਹਨ। ਕੋਹਲੂ ਦਾ ਬੈਲ ਕੋਹਲ ਦੇ ਦੁਆਲੇ ਹੀ ਚੱਕਰ ਕੱਢਦਾ ਰਹਿੰਦਾ ਹੈ।
ਤੇਲੀ ਵੀ ਕੀਤਾ, ਰੁੱਖਾ ਵੀ ਖਾਧਾ ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਆਪਣੀ ਮਰਜ਼ੀ ਦੇ ਉਲਟ ਕੰਮ ਕਰੇ ਪ੍ਰੰਤੂ ਉਸ ਵਿੱਚ ਉਸ ਨੂੰ ਕੋਈ ਲਾਭ ਜਾਂ ਖੂਸ਼ੀ ਪ੍ਰਾਪਤ ਨਾ ਹੋਵੇ।
ਲੋਕ ਸਿਆਣਪਾਂ/106