ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੌੜੀ ਵਿੱਚੋਂ ਇਕ ਦਾਣਾ ਹੀ ਟੋਹੀਦਾ ਹੈ——ਭਾਵ ਇਹ ਹੈ ਕਿ ਕਿਸੇ ਬੰਦੇ ਦੀ ਇਕ ਅੱਧ ਗੱਲ ਤੋਂ ਹੀ ਉਸ ਦੇ ਕਿਰਦਾਰ ਤੇ ਸੁਭਾਅ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨੇ ਕੁ ਪਾਣੀ 'ਚ ਹੈ।

ਥਲਾਂ ਦੇ ਪਲੇ ਪਾਣੀ ਵਿੱਚ ਗਲ਼ੇ——ਜਦੋਂ ਕਿਸੇ ਨੂੰ ਉਸ ਦੇ ਸੁਭਾਅ, ਆਦਤ ਜਾਂ ਰਹਿਣ-ਸਹਿਣ ਅਨੁਕੂਲ ਵਾਤਾਵਰਣ ਨਾ ਮਿਲਣ ਕਾਰਨ ਤਕਲੀਫ਼ ਅਤੇ ਬੇਅਰਾਮੀ ਮਹਿਸੂਸ ਹੋਵੇ, ਉਦੋਂ ਇੰਜ ਆਖਦੇ ਹਨ।

ਥੁੱਕੀਂ ਵੜੇ ਨਹੀਂ ਪੱਕਦੇ——ਜਦੋਂ ਮਾਲਕ ਕੰਮ ਤਾਂ ਚੰਗੇ ਚੋਖਾ ਚਾਹੇ ਪ੍ਰੰਤੂ ਦਿਲ ਖੋਲ੍ਹ ਕੇ ਪੈਸੇ ਨਾ ਖ਼ਰਚੇ, ਉਦੋਂ ਇਹ ਅਖਾਣ ਬੋਲਦੇ ਹਨ।

ਥੱਥੇ ਸ਼ਾਹ ਦੀਆਂ ਮਨ ਵਿੱਚ ਖੇਪਾਂ, ਪੰਜੀਂ ਲਵਾਂ ਪੰਜਾਹੀਂ ਵੇਚਾਂ——ਜਦੋਂ ਕੋਈ ਬੰਦਾ ਖ਼ਾਲੀ ਪਲਾਓ ਪਕਾਉਣ ਦੀਆਂ ਗੱਲਾਂ ਕਰੇ ਤੇ ਅਸਲ ਗੱਲ ਵਲ ਨਾ ਆਵੈ, ਉਦੋਂ ਆਖਦੇ ਹਨ।

ਥੋੜ੍ਹ ਬੁਰੀ 'ਕ ਛੁਰੀ——ਇਹ ਅਖਾਣ ਦਰਸਾਉਂਦਾ ਹੈ ਕਿ ਗ਼ਰੀਬੀ ਛੁਰੀ ਨਾਲ਼ੋਂ ਵੀ ਵੱਧ ਦੁਖਦਾਇਕ ਹੈ।

ਥੋੜ੍ਹਾ ਖਾਣਾ ਸੁਖੀ ਰਹਿਣਾ——ਭਾਵ ਇਹ ਹੈ ਕਿ ਲੋੜ ਤੋਂ ਵੱਧ ਖਾਣ ਨਾਲ਼ ਸਰੀਰ ਨੂੰ ਕਈ ਰੋਗ ਲੱਗ ਜਾਂਦੇ ਹਨ, ਸੰਜਮ ਨਾਲ਼ ਕੀਤੀ ਕਮਾਈ ਸ਼ਾਂਤੀ ਦਿੰਦੀ ਹੈ।

ਥੋੜ੍ਹਾ ਲੱਦ ਸਵੇਰੇ ਆ——ਇਹ ਅਖਾਣ ਵਪਾਰੀ ਵਰਤਦੇ ਹਨ। ਭਾਵ ਇਹ ਹੈ ਕਿ ਥੋੜ੍ਹਾ ਨਫ਼ਾ ਕਮਾ ਕੇ ਮਾਲ ਛੇਤੀ ਵੇਚ ਦੇਣਾ ਚਾਹੀਦਾ ਹੈ।

ਥੋੜੀ ਖਾਏ ਆਪ ਨੂੰ ਬਹੁਤੀ ਖਾਏ ਗਾਹਕ ਨੂੰ——ਇਸ ਅਖਾਣ ਦਾ ਭਾਵ ਇਹ ਹੈ ਕਿ ਵਪਾਰ ਵਿੱਚ ਥੋੜ੍ਹੀ ਪੂੰਜੀ ਲਾਉਣ ਨਾਲ਼ ਲਾਭ ਨਹੀਂ ਹੁੰਦਾ, ਪੂੰਜੀ ਬਹੁਤੀ ਖ਼ਰੀਦਣ ਨਾਲ਼ ਸੌਦੇ ਨਾਲ਼ ਭਰੀ-ਭਰੀ ਦੁਕਾਨ ਵੇਖ ਕੇ ਗਾਹਕ ਛੇਤੀ ਫਸਦੇ ਹਨ।

ਦਸ ਫ਼ਕੀਰ ਇਕ ਗੋਦੜੀ ਵਿੱਚ ਸਮਾ ਜਾਂਦੇ ਹਨ, ਦੇ ਬਾਦਸ਼ਾਹ ਇਕ ਰਾਜ ਵਿੱਚ ਨਹੀਂ ਸਮਾ ਸਕਦੇ——ਭਾਵ ਇਹ ਕਿ ਗ਼ਰੀਬ ਤਾਂ ਰਲ਼ ਕੇ ਕੱਟ ਲੈਂਦੇ ਹਨ ਪ੍ਰੰਤੂ ਅਮੀਰ ਆਪਸ ਵਿੱਚ ਖਹਿੰਦੇ ਰਹਿੰਦੇ ਹਨ।

ਦਹੀਂ ਦੇ ਭੁਲੇਖੇ ਕਪਾਹ ਦੀ ਫੁੱਟੀ ਨਹੀਂ ਖਾਈਦੀ——ਭਾਵ ਇਹ ਹੈ ਕਿ ਚੰਗੀ-ਮੰਦੀ ਚੀਜ਼ ਅਤੇ ਸੱਜਣ-ਦੁਸ਼ਮਣ ਦੇ ਫ਼ਰਕ ਨੂੰ ਸਮਝਣ ਵਿੱਚ ਹੀ ਭਲਾ ਹੈ।

ਲੋਕ ਸਿਆਣਪਾਂ/107