ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਦਿਲੀ ਦੌਸਤ ਨਾ ਮਿਲਣ,ਜਿਹੜੇ ਮਿਲਣ ਸਭ ਮਤਲਬੀ, ਉਦੋਂ ਉਹ ਆਪਣੇ ਦਿਲ ਦਾ ਦੁੱਖ ਦੱਸਣ ਲਈ ਇਹ ਅਖਾਣ ਵਰਤਦਾ ਹੈ।

ਦਿਲ ਦਿਲਾਂ ਦੇ ਜ਼ਾਮਨ ਹੁੰਦੇ ਹਨ——ਭਾਵ ਇਹ ਹੈ ਕਿ ਮਿੱਤਰ ਪਿਆਰਿਆਂ ਦੇ ਦਿਲਾਂ ਵਿੱਚ ਇਕ-ਦੂਜੇ ਨੂੰ ਮਿਲਣ ਦੀ ਚਾਹ ਹੁੰਦੀ ਹੈ।

ਦੀਪਕ ਬਲੇ ਹਨ੍ਹੇਰਾ ਜਾਏ——ਜਦੋਂ ਕਿਸੇ ਦੇ ਮਾੜੇ ਦਿਨ ਲੰਘ ਜਾਣ ਤੇ ਖ਼ੁਸ਼ੀ ਦੇ ਦਿਨ ਪਰਤ ਆਉਣ,ਉਦੋਂ ਆਖਦੇ ਹਨ।

ਦੀਵੇ ਥੱਲੇ ਅਨ੍ਹੇਰਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਕੋਲ ਹੀ ਬੇਨਿਯਮੀ ਤੇ ਬੇਈਮਾਨੀ ਹੁੰਦੀ ਹੋਵੇ।

ਦੁਸ਼ਮਣ ਬਾਤ ਕਰੇ ਅਣਹੋਣੀ——ਭਾਵ ਸਪੱਸ਼ਟ ਹੈ ਕਿ ਦੁਸ਼ਮਣ ਕਈ ਵਾਰ ਅਜਿਹੇ ਦੂਸ਼ਨ ਲਾਉਂਦੇ ਹਨ ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ ਹੁੰਦਾ।

ਦੁਖ ਉਤਰਿਆ, ਰਾਮ ਵਿਸਿਰਿਆ——ਭਾਵ ਇਹ ਹੈ ਕਿ ਦੁਖ ਟੁੱਟਣ ਮਗਰੋਂ ਪ੍ਰਮਾਤਮਾ ਨੂੰ ਕੋਈ ਯਾਦ ਨਹੀਂ ਕਰਦਾ।

ਦੁੱਖਾਂ ਦੀਆਂ ਘੜੀਆਂ ਲੰਘਣ ਵਿੱਚ ਨਹੀਂ ਆਉਂਦੀਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਬੀਮਾਰੀ ਅਤੇ ਚਿੰਤਾ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ, ਚਿੰਤਾਵਾਨ ਮਨੁੱਖ ਆਪਣੇ ਦਿਲ ਦੀ ਵੇਦਨਾ ਪ੍ਰਗਟ ਕਰਨ ਲਈ ਇਹ ਅਖਾਣ ਅਕਸਰ ਬੋਲਦੇ ਹਨ।

ਦੁਖੀਏ ਕੂੜ ਪਿਆਰਾ——ਜਿਹੜਾ ਬੰਦਾ ਕਿਸੇ ਦੁਖੀ ਮਨੁੱਖ ਨੂੰ ਝੂਠੇ ਦਿਲਾਸੇ ਦੇਵੇ, ਉਹ ਉਸ ਨੂੰ ਚੰਗਾ ਲੱਗਦਾ ਹੈ।

ਦੁਖੇ ਸਿਰ ਬੰਨ੍ਹੋ ਗੋਡਾ——ਜਦੋਂ ਕਿਸੇ ਬੰਦੇ ਦੀ ਮੰਗ ਤਾਂ ਕੁਝ ਹੋਰ ਹੋਵੇ ਤੇ ਉਸ ਨੂੰ ਉਸ ਦੀ ਥਾਂ ਕੁਝ ਹੋਰ ਦੇ ਦਿੱਤਾ ਜਾਵੇ, ਉਦੋਂ ਇੰਜ ਆਖਦੇ ਹਾਂ।

ਦੁੱਧ ਸਾਂਭੇ ਗੁਜਰੇਟੀ, ਧੰਨ ਸਾਂਭੇ ਖਤਰੇਟੀ——ਇਹਨਾਂ ਦੋਹਾਂ ਜਾਤਾਂ ਦੇ ਜਾਤੀ ਸੁਭਾਅ ਦੱਸਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਦੁੱਧ ਤੇ ਬੁੱਧ ਫਿਟਦਿਆਂ ਦੇਰ ਨਹੀਂ ਲੱਗਦੀ——ਭਾਵ ਇਹ ਹੈ ਕਿ ਦੁੱਧ ਅਤੇ ਬੁੱਧ ਦਾ ਕੋਈ ਭਰਵਾਸਾ ਨਹੀਂ ਪਤਾ ਨਹੀਂ ਕਦੋਂ ਨੀਤ ਫਿਟ ਜਾਵੇ ਅਤੇ ਦੁੱਧ ਫਟ ਜਾਵੇ।

ਦੁੱਧ ਦਾ ਸਾੜਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ——ਜਦੋਂ ਕਿਸੇ ਸਾਊ ਮਨੁੱਖ ਪਾਸੋਂ ਧੋਖਾ ਖਾਣ ਮਗਰੋਂ ਕਿਸੇ ਹੋਰ ਸਾਉ ਮਨੁੱਖ ਦੀ ਨੀਅਤ ’ਤੇ ਸ਼ੱਕ ਕੀਤਾ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਦੁੱਧ ਦਾ ਦੁੱਧ ਪਾਣੀ ਦਾ ਪਾਣੀ——ਜਦੋਂ ਕਿਸੇ ਮਾਮਲੇ ਵਿੱਚ ਪੂਰਾ ਇਨਸਾਫ਼ ਹੋਇਆ ਹੋਵੇ, ਉਦੋਂ ਆਖਦੇ ਹਨ।

ਦੁੱਧਾਂ ਦੀਆਂ ਤ੍ਰੇਹਾਂ ਲੱਸੀਆਂ ਨਾਲ ਨਹੀਂ ਲਹਿੰਦੀਆਂ——ਭਾਵ ਇਹ ਹੈ ਕਿ ਅਸਲ ਚੀਜ਼ ਦਾ ਬਦਲ ਨਕਲੀ ਚੀਜ਼ ਨਹੀਂ ਹੁੰਦੀ।

ਲੋਕ ਸਿਆਣਪਾਂ/110