ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਰੂਹ ਨਾ ਰਹਿਮਤ——ਇਹ ਅਖਾਣ ਉਸ ਆਦਮੀ ਬਾਰੇ ਬੋਲਿਆ ਜਾਂਦਾ ਹੈ ਜਿਹੜਾ ਨਾ ਸ਼ਕਲੋਂ ਸੂਰਤੋਂ ਚੰਗਾ ਹੋਵੇ, ਨਾ ਸੁਭਾਅ ਵੱਲੋਂ।

ਨਾ ਲੈਣਾ ਨਾ ਦੇਣਾ, ਅਖੇ ਦੇਹ ਮੇਰੀ ਧੇਲੀ——ਜਦੋਂ ਕੋਈ ਬੰਦਾ ਬਿਨਾ ਮਤਲਬ ਹੀ ਝੱਜੂ ਪਾਈ ਰੱਖੇ, ਉਦੋਂ ਆਖਦੇ ਹਨ।

ਨਾਈਆਂ ਦੀ ਜੰਵ, ਸੱਭੇ ਰਾਜੇ——ਭਾਵ ਇਹ ਹੈ ਕਿ ਜਦੋਂ ਇੱਕੋ ਪੇਸ਼ੇ ਦੇ ਬਹੁਤ ਸਾਰੇ ਬੰਦੇ ਇਕੱਠੇ ਹੋ ਕੇ ਜਾਣ ਤੇ ਆਪੋ ਆਪਣੀ ਮਾਰੀ ਜਾਣ ਦੂਜੇ ਦੀ ਨਾ ਸੁਣਨ, ਉਦੋਂ ਆਖਦੇ ਹਨ।

ਨਾਨਕੂ ਆਇਆ ਨਾਨਕੇ, ਸਿਰ ਘੱਟਾ ਪਾਉ ਛਾਣਕੇ——ਨਾਨਕੇ ਘਰ ਆਏ ਦੋਹਤੇ ਨੂੰ ਛੇੜਦੇ ਹੋਏ ਮਜ਼ਾਕ ਨਾਲ ਇਹ ਅਖਾਣ ਬੋਲਦੇ ਹਨ।

ਨਾਨੀ ਕੁਆਰੀ ਮਰ ਗਈ, ਦੋਹਤਰੇ ਦੇ ਨੌਂ ਨੌਂ ਵਿਆਹ——ਜਦੋਂ ਕੋਈ ਅਤਿ ਗ਼ਰੀਬ ਹੁੰਦਾ ਹੋਇਆ ਵੀ ਸ਼ੇਖੀਆਂ, ਬਘੇਰੇ ਤੇ ਫੜਾਂ ਮਾਰੇ, ਉਦੋਂ ਆਖਦੇ ਹਨ।

ਨਾਮ ਭਲਾ ਕਿ ਦੋਮ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜਾ ਕੰਮ ਪੈਸਾ ਖ਼ਰਚਣ ਨਾਲ਼ ਹੋ ਸਕਦਾ ਹੈ ਉਹ ਨਿਰੇ ਨਾਂ ਦੀ ਸਿੱਧੀ ਕਰਕੇ ਨਹੀਂ ਹੋ ਸਕਦਾ। ਪੈਸੇ ਨਾਲ਼ ਹੀ ਕੰਮ ਬਣਦਾ ਹੈ।

ਨਾਮੀ ਸ਼ਾਹ ਖੱਟ ਖਾਏ, ਨਾਮੀ ਚੋਰ ਬੱਧਾ ਜਾਏ——ਭਾਵ ਇਹ ਹੈ ਕਿ ਪ੍ਰਸਿੱਧੀ ਪਾਪਤ ਬੰਦਾ ਸਦਾ ਹੀ ਆਦਰ-ਮਾਣ ਪ੍ਰਾਪਤ ਕਰਦਾ ਹੈ ਪ੍ਰੰਤੂ ਬਦਨਾਮ ਹੋਇਆ ਬੰਦਾ ਭਾਵੇਂ ਆਪਣੇ ਭੈੜੇ ਕੰਮ ਨੂੰ ਛੱਡ ਦੇਵੇ, ਫੇਰ ਵੀ ਬਦਨਾਮੀ ਖੱਟਦਾ ਹੈ।

ਨਾਲੇ ਖਾਉ ਖੁਰਮਾਨੀਆਂ ਨਾਲੇ ਭੰਨੋ ਬਦਾਮ——ਜਦੋਂ ਇਕ ਕੰਮ ਦੇ ਦੋ-ਦੇ ਲਾਭ ਹੋਣ, ਉਦੋਂ ਇੰਜ ਆਖਦੇ ਹਨ।

ਨਾਲੇ ਚੋਰ ਨਾਲੇ ਚੱਤਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਗਲਤੀ ਕਰਕੇ, ਆਪਣੀ ਗਲਤੀ ਨਾ ਮੰਨੇ ਅਤੇ ਪੈਰਾਂ 'ਤੇ ਪਾਣੀ ਨਾ ਪੈਣ ਦੇਵੀ

ਨਾਲੇ ਚੋਪੜੀਆਂ ਨਾਲੇ ਦੋ ਦੋ——ਜਦੋਂ ਕੋਈ ਚਲਾਕ ਬੰਦਾ ਕਈ ਪਾਸਿਆਂ ਤੋਂ ਲਾਭ ਪ੍ਰਾਪਤ ਕਰਨਾ ਚਾਹੇ, ਉਦੋਂ ਬੋਲਦੇ ਹਨ।

ਨਾਲੇ ਜ਼ਰ ਆ ਨਾਲੇ ਯਾਰੀ ਗਈ——ਜਦੋਂ ਕਿਸੇ ਬੰਦੇ ਦਾ ਦੋਹਾਂ ਪਾਸਿਆਂ ਤੋਂ ਹੀ ਨਕਸਾਨ ਹੋ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ। ਮਿੱਤਰ ਨੂੰ ਉਧਾਰ ਦੇ? ਉਦਾਰ ਦੇ ਨਾ ਮੁੜਨ ਕਰਕੇ ਮਿੱਤਰਤਾ ਵੀ ਜਾਂਦੀ ਰਹਿੰਦੀ ਹੈ।

ਨਹੁੰ ਨਾ ਪੁੱਛੇ ਜਾਤ——ਭਾਵ ਸਪੱਸ਼ਟ ਹੈ ਕਿ ਜਦੋਂ ਕਿਸੇ ਦੀ ਕਿਸੇ ਨਾਲ ਮਰਦਾ ਹੋ ਜਾਂਦੀ ਹੈ, ਉਦੋਂ ਉਹ ਇਕ ਦੂਜੀ ਦੀ ਜਾਤ ਨਹੀਂ ਪੁੱਛਦੇ।

ਨਿਵਾਣਾਂ ਦਾ ਪਾਣੀ ਨਿਵਾਣਾਂ ਨੂੰ ਜਾਂਦਾ ਹੈ——ਜਦੋਂ ਕੋਈ ਬੰਦਾ ਲੜਾਈ-ਝਗੜਾ ਕਰਕੇ ਆਖ਼ਰ ਫੇਰ ਆਪਣੇ ਸਾਕਾਂ ਸਬੰਧੀਆਂ ਨਾਲ ਨਾਤਾ ਜੋੜ ਲਵੇ, ਉਦੋਂ ਇੰਜ ਆਖਦੇ ਹਨ।

ਲੋਕ ਸਿਆਣਪਾਂ/116