ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਂਦ ਤਾਂ ਸੂਲੀ ’ਤੇ ਵੀ ਆ ਜਾਂਦੀ ਹੈ——ਭਾਵ ਇਹ ਹੈ ਕਿ ਜਦੋਂ ਨੀਂਦ ਦਾ ਜ਼ੋਰ ਪੈ ਜਾਵੇ, ਉਦੋਂ ਇਹ ਮੰਜੇ-ਬਿਸਤਰੇ ਨਹੀਂ ਭਾਲਦੀ।

ਨੀਮ ਹਕੀਮ ਖ਼ਤਰਾ ਜਾਨ ਦਾ——ਭਾਵ ਇਹ ਹੈ ਕਿ ਕਿਸੇ ਅਣਸਿਖੇ ਡਾਕਟਰ ਜਾਂ ਹਕੀਮ ਪਾਸੋਂ ਕੋਈ ਦਵਾ-ਦਾਰੂ ਨਹੀਂ ਲੈਣੀ ਚਾਹੀਦੀ, ਅਜਿਹਾ ਕਰਕੇ ਤੁਸੀਂ ਆਪਣੀ ਜਾਨ ਨੂੰ ਖ਼ਤਰਾ ਸਹੇੜ ਲੈਂਦੇ ਹੋ।

ਨੀਵੀਂ ਖੇਤੀ ਉੱਚਾ ਸਾਕ, ਜਦ ਲੱਗੇ ਤਦ ਤਾਰੇ——ਇਸ ਅਖਾਣ ਦਾ ਭਾਵ ਇਹ ਹੈ ਕਿ ਨੀਵੇਂ ਖੇਤਾਂ ਵਿੱਚ ਉੱਚੇ ਖੇਤਾਂ ਨਾਲੋਂ ਪਾਣੀ ਵਧੇਰੇ ਖੜ੍ਹਦਾ ਹੈ, ਜਿਸ ਕਰਕੇ ਫ਼ਸਲ ਚੰਗੀ ਹੁੰਦੀ ਹੈ। ਇਸੇ ਤਰ੍ਹਾਂ ਬਖ਼ਤਾਵਰ ਸਾਕ ਸਧਾਰਨ ਰਿਸ਼ਤੇਦਾਰਾਂ ਨੂੰ ਵੀ ਤਾਰ ਦੇਂਦਾ ਹੈ।

ਨੂੰਹ ਦਾ ਖਾਧਾ ਕੱਟੀ ਦਾ ਲੇਹਾ ਅਜਾਈਂ ਨਹੀਂ ਜਾਂਦਾ——ਇਹ ਇਕ ਅਟੱਲ ਸੱਚਾਈ ਹੈ ਕਿ ਕੱਟੀ ਦਾ ਦੁੱਧ ਪੀਤਾ ਹੋਇਆ ਅਜਾਈਂ ਨਹੀਂ ਜਾਂਦਾ, ਉਹ ਮੱਝ ਬਣਾ ਜਾਂਦੀ ਹੈ, ਉਸੇ ਤਰ੍ਹਾਂ ਨੂੰਹ ਖਾ ਪੀ ਕੇ ਘਰ ਦਾ ਕੰਮ ਵੀ ਕਰੇਗੀ ਤੇ ਔਲਾਦ ਵੀ ਪੈਦਾ ਕਰੇਗੀ।

ਨੂੰਹ ਮੰਜੇ ਸੱਸ ਧੰਦੇ, ਜੇ ਕੋਈ ਦਿਹਾੜਾ ਸੁਖ ਦਾ ਲੰਘੇ——ਜਿਸ ਘਰ ਵਿੱਚ ਨੂੰਹ-ਸੱਸ ਦਾ ਝਗੜਾ ਹੁੰਦਾ ਰਹੇ ਉਹ ਘਰ ਸੁਖੀ ਨਹੀਂ ਹੁੰਦਾ। ਨੂੰਹ ਰੁੱਸੀ ਰਹੇ ਤੇ ਸੱਸ ਕੰਮ ਧੰਦਾ ਕਰੇ, ਇਹ ਗੱਲ ਸ਼ੋਭਦੀ ਨਹੀਂ।

ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ——ਭਾਵ ਇਹ ਹੈ ਕਿ ਕਮੀਨੇ ਲੋਕ ਦੂਜਿਆਂ ਦਾ ਕੰਮ ਕਰਨਾ ਹੀ ਜਾਣਦੇ ਹਨ, ਆਪਣੇ ਕੰਮ ਵੱਲੋਂ ਸਦਾ ਅਵੇਸਲੇ ਰਹਿੰਦੇ ਹਨ।

ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ——ਜਦੋਂ ਕੋਈ ਬੰਦਾ ਸਾਰੀ ਉਮਰ ਭੈੜੇ ਤੇ ਮੰਦੇ ਕੰਮ ਕਰਦਾ ਰਹੇ ਤੇ ਆਖ਼ਰੀ ਉਮਰ ਵਿੱਚ ਆ ਕੇ ਬੜਾ ਸਾਊ ਬਣ ਕੇ ਪੂਜਾ ਪਾਠ ਕਰੇ।

ਨੌਂ ਕੋਹ ਦਰਿਆ ਘੱਗਰਾ ਮੋਢੇ ’ਤੇ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਡਰਾਕਲ ਬੰਦਾ ਆਉਣ ਵਾਲੇ ਖ਼ਤਰੇ ਤੋਂ ਪਹਿਲਾਂ ਹੀ ਡਰ ਕੇ ਸੁਚੇਤ ਹੋ ਜਾਵੇ।

ਨੌਂ ਨਕਦ ਨਾ ਤੇਰਾਂ ਹੁਦਾਰ——ਭਾਵ ਇਹ ਹੈ ਕਿ ਬਹੁਤੇ ਨਫ਼ੇ ਵਾਲੇ ਉਧਾਰ ਨਾਲੋਂ ਥੋੜੇ ਨਫ਼ੇ ਵਾਲਾ ਨਕਦ ਸੌਦਾ ਵੇਚਣਾ ਚੰਗਾ ਹੁੰਦੈ।

ਨੌਕਰਾਂ ਅੱਗੇ ਚਾਕਰ, ਚਾਕਰਾਂ ਅੱਗੇ ਚੂਕਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਲਈ ਆਖੇ ਤੇ ਉਹ ਅੱਗੋਂ ਕਿਸੇ ਹੋਰ ਨੂੰ ਇਹ ਕੰਮ ਕਰਨ ਲਈ ਕਹਿ ਦੇਵੇ।

ਨੌਕਰੀ ਕੀ ਤੇ ਨਖ਼ਰਾ ਕੀ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਨੌਕਰ ਨੂੰ ਆਪਣੇ ਮਾਲਕ ਦੀ ਹਰ ਗੱਲ ਮੰਨਣੀ ਪੈਂਦੀ ਹੈ, ਚਾਹੇ ਚੰਗੀ ਲੱਗੇ ਚਾਹੇ ਮੰਦੀ।

ਲੋਕ ਸਿਆਣਪਾਂ/117