ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਖਲੀ ਵਿੱਚ ਸਿਰ ਦਿੱਤਾ, ਮੋਹਲਿਆਂ ਦਾ ਕੀ ਡਰ——ਜਦੋਂ ਕੋਈ ਪੁਰਸ਼ ਕੋਈ ਔਖਾ ਕੰਮ ਸ਼ੁਰੂ ਕਰ ਲਵੇ ਤਾਂ ਅੱਗੋਂ ਕੋਈ ਦੂਜਾ ਉਸ ਨੂੰ ਅਜਿਹਾ ਕਰਨ ਤੋਂ ਵਰਜੇ ਜਾਂ ਡਰਾਵੇ ਤਾਂ ਔਖੇ ਰਾਹ ਨੂੰ ਚੁਣਨ ਵਾਲ਼ਾ ਪੁਰਸ਼ ਇਹ ਅਖਾਣ ਵਰਤ ਕੇ ਅਗਲੇ ਦਾ ਮੂੰਹ ਬੰਦ ਕਰ ਦੇਂਦਾ ਹੈ।

ਉਂਗਲ ਉਂਗਲ ਵੇਰਵਾ, ਪੋਟਾ ਪੋਟਾ ਵਿੱਥ——ਜਦੋਂ ਇਹ ਦੱਸਣਾ ਹੋਵੇ ਕਿ ਦੂਰ ਨੇੜੇ ਦੀ ਸਕੀਰੀ ਅਨੁਸਾਰ ਹੀ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਨਾਲ ਵਰਤਾਉ ਕੀਤਾ ਜਾਂਦਾ ਹੈ ਉਦੋਂ ਇਹ ਅਖਾਣ ਬੋਲਦੇ ਹਨ।

ਉੱਗਲ ਵੱਢੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ——ਜਦੋਂ ਵਿਗੜਿਆਂ ਤਿਗੜਿਆਂ ਵਿੱਚ ਕੋਈ ਹੋਰ ਵਿਗੜਿਆ ਤਿਗੜਿਆ ਆ ਰਲੇ ਉਦੋਂ ਕਹਿੰਦੇ ਹਨ।

ਉਗਲ਼ੇ ਤਾਂ ਅੰਨ੍ਹਾ, ਖਾਏ ਤਾਂ ਕੋਹੜੀ——ਜਦੋਂ ਕਿਸੇ ਪੁਰਸ਼ ਨੂੰ ਕੋਈ ਅਜਿਹਾ ਫ਼ੈਸਲਾ ਜਾਂ ਕੰਮ ਕਰਨਾ ਪੈ ਜਾਵੇ ਜਿਸ ਨਾਲ ਉਸ ਨੂੰ ਉਹਨਾਂ ਦੋਹਾਂ ਧਿਰਾਂ ਤੋਂ ਦੁਖ ਜਾਂ ਨੁਕਸਾਨ ਪਹੁੰਚੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਉਘਰੀ ਸੋ ਪਈ, ਪਈ ਸੋ ਸਹੀ——ਇਸ ਅਖਾਣ ਦਾ ਭਾਵ ਇਹ ਹੈ ਜਦੋਂ ਕੋਈ ਮੁਸੀਬਤ ਜਾਂ ਦੁੱਖ ਗਲ਼ ਪੈ ਜਾਵੇ ਤਾਂ ਉਸ ਨੂੰ ਸਹਿਣਾ ਹੀ ਪੈਂਦਾ ਹੈ।

ਉਚਰ ਜੀਵੇ, ਜਿੱਚਰ ਮਟਕਾਵੇ——ਭਾਵ ਇਹ ਹੈ ਕਿ ਜਿਹੜੀ ਜ਼ਿੰਦਗੀ ਸਾਨੂੰ ਪ੍ਰਾਪਤ ਹੋਈ ਹੈ ਉਸ ਨੂੰ ਸ਼ਾਨੋ ਸ਼ੌਕਤ ਨਾਲ਼ ਅਤੇ ਟੌਹਰ ਨਾਲ ਜੀਵੋ।

ਉਚਰ ਪੁੱਤਰ ਪਿਉ ਦਾ, ਜਿੱਚਰ ਮੂੰਹ ਨਹੀਂ ਡਿੱਠਾ ਪਰਾਈ ਧੀਓ ਦਾ——ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਦਾ ਆਪਣੇ ਮਾਪਿਆਂ ਨਾਲ ਪਹਿਲਾਂ ਵਰਗਾ ਵਰਤਾਉ ਨਹੀਂ ਰਹਿੰਦਾ, ਉਹ ਬਦਲ ਜਾਂਦਾ ਹੈ।

ਉੱਚਾ ਗਾਉਂ ਭਲਾ, ਨੀਚਾ ਖੇਤ ਭਲਾ ——ਇਸ ਅਖਾਣ ਦਾ ਭਾਵ ਇਹ ਹੈ ਕਿ ਪਿੰਡ ਉੱਚੇ ਥਾਂ 'ਤੇ ਹੀ ਬੰਨ੍ਹਣਾ ਚਾਹੀਦਾ ਹੈ ਤਾਂ ਜੋ ਹੜ੍ਹ ਦਾ ਡਰ ਨਾ ਰਹੇ ਤੇ ਖੇਤੀ ਵਾਲ਼ੀ ਜ਼ਮੀਨ ਨੀਵੀਂ ਥਾਂ ਚੰਗੀ ਹੁੰਦੀ ਹੈ ਜਿੱਥੇ ਪਾਣੀ ਸੌਖ ਨਾਲ ਪੁੱਜ ਜਾਂਦਾ ਹੋਵੇ।

ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਵੇਖਣ ਨੂੰ ਵਾਹਵਾ ਸੁਹਣਾ ਲੱਗੇ ਪ੍ਰੰਤੂ ਅੰਦਰੋਂ ਖੋਖਲਾ ਹੋਵੇ, ਬਾਹਰੋਂ ਮਜ਼ਬੂਤ ਤੇ ਕੰਮ ਕਰਨ ਨੂੰ ਨਿਕੰਮਾ।

ਉੱਚੀ ਦੁਕਾਨ ਫਿੱਕਾ ਪਕਵਾਨ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੰਦੇ ਦਾ ਨਾਂ ਤਾਂ ਬੜਾ ਮਸ਼ਹੂਰ ਹੋਵੇ ਪ੍ਰੰਤੂ ਵਰਤੋਂ ਵਿਹਾਰ ਵਿੱਚ ਉਹ ਅਤਿ ਕਮੀਨਾ ਤੇ ਮਾੜਾ ਸਾਬਤ ਹੋ ਜਾਵੇ।

ਉੱਚੇ ਚੜ੍ਹ ਕੇ ਦੇਖਿਆ ਘਰ ਘਰ ਏਹਾ ਅੱਗ——ਇਸ ਅਖਾਣ ਦਾ ਭਾਵ ਅਰਥ

ਲੋਕ ਸਿਆਣਪਾਂ/10