ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/120

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੌਕਰੀ ਦੀ ਜੜ੍ਹ ਜ਼ਮੀਨ ਤੋਂ ਉੱਚੀ ਹੁੰਦੀ ਹੈ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਾਲਕ ਜਦੋਂ ਚਾਹੇ ਆਪਣੇ ਨੌਕਰ ਨੂੰ ਹਟਾ ਸਕਦਾ ਹੈ। ਇਸ ਲਈ ਨੌਕਰੀ ਦੇ ਅਸਥਾਈ ਹੋਣ ਬਾਰੇ ਇਹ ਅਖਾਣ ਬੋਲਦੇ ਹਨ।

ਨੌਵੀਂ ਰੂੰ ਤੇ ਤੇਰ੍ਹੀਂ ਕਪਾਹ——ਜਦੋਂ ਕੋਈ ਵਧੀਆ ਵਸਤੁ ਸਸਤੀ ਹੋਵੇ ਤੇ ਘਟੀਆ ਵਸਤੁ ਮਹਿੰਗੀ ਵਿਕੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਪਈ ਪਈ ਸੱਸ ਮੂਲੋਂ ਗਈ——ਭਾਵ ਇਹ ਹੈ ਕਿ ਜਦੋਂ ਕਿਸੇ ਵਸਤੂ ਵੱਲ ਧਿਆਨ ਨਾ ਦਿੱਤਾ ਜਾਏ ਤਾਂ ਉਹ ਪਈ-ਪਈ ਹੀ ਵਰਤੋਂ ਯੋਗ ਨਹੀਂ ਰਹਿੰਦੀ, ਖ਼ਰਾਬ ਹੋ ਜਾਂਦੀ ਹੈ।

ਪਹਾੜ ਦੂਰੋਂ ਹੀ ਸੋਹਣੇ ਲੱਗਦੇ ਨੇ——ਜਦੋਂ ਕਿਸੇ ਵੱਡੇ ਪੁਰਸ਼ ਪਾਸੋਂ ਨਿਰਾਸ਼ਾ ਮਿਲੇ ਜਾਂ ਉਹ ਤੁਹਾਡੀਆਂ ਆਸਾਂ 'ਤੇ ਪੂਰਾ ਨਾ ਉਤਰੇ, ਉਦੋਂ ਇੰਜ ਆਖਦੇ ਹਨ।

ਪਹਾੜ ਨਾਲ ਟੱਕਰ ਮਾਰਿਆਂ ਸਿਰ ਈ ਪਾਟ——ਭਾਵ ਸਪੱਸ਼ਟ ਹੈ ਕਿ ਕਿਸੇ ਸ਼ਕਤੀਸ਼ਾਲੀ ਮਨੁੱਖ ਨਾਲ ਵੈਰ ਪਾ ਕੇ ਨੁਕਸਾਨ ਹੀ ਉਠਾਉਣਾ ਪੈਂਦਾ ਹੈ।

ਪਹਾੜੀਏ ਮਿਤ ਕਿਸ ਕੇ, ਭਾਤੁ ਖਾਧਾ ਖਿਸਕੇ——ਇਹ ਅਖਾਣ ਆਮ ਕਰਕੇ ਮਤਲਬੀ ਬੰਦਿਆਂ ਬਾਰੇ ਵਰਤਿਆ ਜਾਂਦਾ ਹੈ।

ਪੱਗ ਰੱਖ ਘਿਉ ਖਾ——ਭਾਵ ਇਹ ਹੈ ਕਿ ਖੁੱਲ੍ਹੇ ਖ਼ਰਚ ਕਰਨ ਨਾਲ ਕਈ ਵਾਰ ਬੇਇੱਜ਼ਤੀ ਹੋ ਜਾਣ ਦਾ ਡਰ ਰਹਿੰਦਾ ਹੈ।

ਪੱਗ ਵੇਚ ਕੇ ਘਿਉ ਨਹੀਂ ਖਾਈਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣੇ ਵਿੱਤ ਅਨੁਸਾਰ ਹੀ ਖ਼ਰਚਾ ਕਰਨਾ ਚਾਹੀਦਾ ਹੈ, ਵਿਤੋਂ ਬਾਹਰਾ ਖ਼ਰਚ ਕਰਨਾ ਚੰਗਾ ਨਹੀਂ ਹੁੰਦਾ।

ਪੰਜਾਂ ਵਿੱਚ ਪ੍ਰਮੇਸ਼ਰ ਹੈ——ਭਾਵ ਇਹ ਹੈ ਕਿ ਏਕੋ ਵਿੱਚ ਹੀ ਬਰਕਤ ਹੁੰਦੀ ਹੈ।

ਪੰਜੀ ਮੀਤ ਪੰਜਾਹੀਂ ਚਾਦਰ——ਇਸ ਅਖਾਣ ਦਾ ਭਾਵ ਇਹ ਹੈ ਕਿ ਜੇ ਪੱਚੀ ਰੁਪਇਆਂ ਨਾਲ ਦੋਸਤ-ਮਿੱਤਰ ਨੂੰ ਅਤੇ ਪੰਜਾਹ ਰੁਪਏ ਨਾਲ ਪਿੰਡ ਦੇ ਚੌਧਰੀ ਨੂੰ ਖੁਸ਼ ਰੱਖਿਆ ਜਾ ਸਕਦੈ ਤਾਂ ਇਹ ਸੌਦਾ ਮਾੜਾ ਨਹੀਂ।

ਪੰਜੇ ਉਂਗਲਾਂ ਇੱਕੋ ਜਹੀਆਂ ਨਹੀਂ ਹੁੰਦੀਆਂ——ਭਾਵ ਸਪੱਸ਼ਟ ਹੈ ਕਿ ਸਾਰ ਆਦਮੀ ਇਕੋ ਜਿਹੇ ਨਹੀਂ ਹੁੰਦੇ, ਹਰ ਬੰਦੇ ਦੇ ਸੁਭਾਅ ਵਿੱਚ ਫ਼ਰਕ ਹੁੰਦਾ ਹੈ।

ਪੰਜੇ ਉਂਗਲਾਂ ਘਿਉ ਵਿੱਚ ਤੇ ਸਿਰ ਕੜਾਹੀ ਵਿੱਚ——ਜਦੋਂ ਕਿਸੇ ਨੂੰ ਪੂਰਾ ਲਾਭ ਲੈਣ ਦਾ ਮੌਕਾ ਮਿਲੇ, ਉਦੋਂ ਆਖਦੇ ਹਨ।

ਲੋਕ ਸਿਆਣਪਾਂ/118