ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਾਇਆ ਸੇਰ, ਪੰਜ ਸੇਰੀ ਬਰਾਬਰ——ਭਾਵ ਇਹ ਹੈ ਕਿ ਬਿਗਾਨੀ ਮੰਗ ਕੇ ਲਿਆਂਦੀ ਹੋਈ ਪਈ ਵਸਤੂ ਦੀ ਵਧੇਰੇ ਸਾਂਭ-ਸੰਭਾਲ ਕਰਨੀ ਪੈਂਦੀ ਹੈ ਅਤੇ ਗੁੰਮ ਜਾਣ ਤੇ ਅਸਲ ਮੁੱਲ ਨਾਲੋਂ ਵੀ ਵੱਧ ਜ਼ੁਰਮਾਨਾ ਭਰਨਾ ਪਵੇ।

ਪਰਾਇਆ ਗਹਿਣਾ ਪਾਇਆ ਆਪਣਾ ਰੂਪ ਗਵਾਇਆ——ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਮੰਗ ਕੇ ਲਿਆਂਦੀ ਹੋਈ ਪੁਸ਼ਾਕ ਜਾਂ ਗਹਿਣਾ ਆਦਿ ਪਹਿਨਣ ਨਾਲ ਤੁਹਾਡੀ ਸ਼ਾਨ ਨਹੀਂ ਵਧਦੀ ਬਲਕਿ ਹੀਣ-ਭਾਵਨਾ ਪੈਦਾ ਹੋ ਜਾਂਦੀ ਹੈ।

ਪਰਾਈ ਆਸ, ਸਦਾ ਨਿਰਾਸ਼——ਭਾਵ ਸਪੱਸ਼ਟ ਹੈ ਕਿ ਕਦੇ ਵੀ ਕਿਸੇ ਦੀ ਆਸ ਤੇ ਨਾ ਰਹੋ, ਆਪ ਹਿੰਮਤ ਕਰੋ ਨਹੀਂ ਤਾਂ ਨਿਰਾਸ਼ਾ ਹੀ ਪੱਲੇ ਪਵੇਗੀ।

ਪਰਾਏ ਹੱਥ ਕਹੀ ਹੌਲੀ ਲਗਦੀ ਹੈ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੂਜੇ ਬੰਦੇ ਤੋਂ ਕੰਮ ਕਰਵਾਉਣ ਲਈ ਉਹਦੀ ਝੂਠੀ ਪ੍ਰਸੰਸਾ ਕੀਤੀ ਜਾਵੇ।

ਪਰਾਏ ਘਰ ਬਸੰਤਰ, ਆਪਣੇ ਘਰ ਅੱਗ——ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੇ ਘਰ ਪਏ ਕਲਾ-ਕਲੇਸ਼ ਨੂੰ ਵੇਖ ਕੇ ਖੁਸ਼ ਹੋਵੇ, ਉਦੋਂ ਉਸ ਨੂੰ ਸਮਝਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਪਰਾਏ ਪੀਰ ਨੂੰ ਮਲੀਦਾ, ਘਰ ਦੇ ਪੀਰ ਨੂੰ ਧਤੂਰਾ——ਜਦੋਂ ਕੋਈ ਬੰਦਾ ਘਰ ਦੇ ਗੁਣਵਾਨ ਦੀ ਤਾਂ ਕਦਰ ਨਾ ਪਾਏ ਪ੍ਰੰਤੂ ਪਰਾਏ ਮੁਰਖ਼ ਬੰਦੇ ਦੀ ਖੂਬ ਸੇਵਾ ਕਰੇ, ਉਦੋਂ ਇੰਜ ਆਖਦੇ ਹਨ।

ਪਰੀਆਂ ਦੀ ਪਰਿਹਾ ਤੇ ਭੂਤਨੇ ਪੈਂਚ——ਜਦੋਂ ਸ਼ਰੀਫ਼ ਤੇ ਭਲੇਮਾਣਸ ਬੰਦਿਆਂ ਦੇ ਝਗੜਾਲੂ ਤੇ ਕਮੀਨੇ ਬੰਦੇ ਮੱਲੋ-ਮੱਲੀ ਆਗੂ ਬਣ ਜਾਣ, ਉਦੋਂ ਆਖਦੇ ਹਨ।

ਪਰੇ ਪਰੇਰੇ ਜਾਹ, ਕਰਮਾਂ ਦਾ ਖੱਟਿਆ ਖਾਹ——ਭਾਵ ਇਹ ਹੈ ਕਿ ਤੁਸੀਂ ਕਮਾਈ ਕਰਨ ਲਈ ਭਾਵੇਂ ਕਿੰਨੀ ਦੂਰ ਚਲੇ ਜਾਵੋ ਪ੍ਰੰਤੂ ਮਿਲਣਾ ਤਾਂ ਉਹੀ ਹੈ ਜਿਹੜਾ ਤੁਹਾਡੇ ਕਰਮਾਂ ਵਿੱਚ ਲਿਖਿਆ ਹੋਇਆ ਹੈ।

ਪਰੌਂਠਾ ਪਰੌਂਠਾ ਆਖਿਆਂ ਢਿੱਡ ਨਹੀਂ ਭਰਨ ਹੁੰਦਾ——ਭਾਵ ਸਪੱਸ਼ਟ ਹੈ ਕਿ ਨਿਰੀਆਂ ਫੋਕੀਆਂ ਗੱਲਾਂ ਮਾਰਨ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ। ਢਿੱਡ ਭਰਨ ਲਈ ਯਤਨ ਤਾਂ ਕਰਨੇ ਹੀ ਪੈਣੇ ਨੇ।

ਪੱਲੇ ਹੋਵੇ ਸੱਚ, ਨੰਗਾ ਹੋ ਕੇ ਨੱਚ——ਇਸ ਅਖਾਣ ਦਾ ਭਾਵ ਇਹ ਹੈ ਕਿ ਸੱਚੇ ਸੁੱਚੇ ਬੰਦੇ ਨੂੰ ਕਿਸੇ ਪ੍ਰਕਾਰ ਦਾ ਵੀ ਭੈ ਨਹੀਂ ਹੁੰਦਾ, ਉਹ ਬੇਧੜਕ ਜੀਵਨ ਜਿਉਂਦਾ ਹੈ।

ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਫ਼ੋਕੀ ਆਕੜ ਵਿੱਚ ਤੁਰਿਆ ਫਿਰੇ, ਉਂਜ ਉਸ ਦੇ ਪੱਲੇ ਕੁਝ ਨਾ ਹੋਵੇ।

ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ——ਜਦੋਂ ਕੋਈ ਆਰਥਿਕ ਪੱਖੋਂ ਗਰੀਬ

ਲੋਕ ਸਿਆਣਪਾਂ/120