ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿਉ ਹੁੰਦਿਆਂ ਹਰਾਮੀ ਕੌਣ ਅਖਵਾਉਂਦੈ——ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਕੋਈ ਵੀ ਅਣਖ ਵਾਲਾ ਬੰਦਾ ਕੋਈ ਅਜਿਹਾ ਕੰਮ ਨਹੀਂ ਕਰਦਾ, ਜਿਸ ਨਾਲ ਉਸ ਦੀ ਅਣਖ ਨੂੰ ਠੇਸ ਪੁੱਜੇ।

ਪਿਉ ਨਾ ਮਾਰੀ ਪਿੱਦੀ, ਬੇਟਾ ਤੀਰ ਅੰਦਾਜ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਆਪਣੇ ਵਿੱਤ ਤੇ ਪਿਛੋਕੜ ਨੂੰ ਭੁੱਲ ਕੇ ਸ਼ੇਖੀਆਂ ਮਾਰੇ।

ਪਿੱਠ ਪਿੱਛੇ ਤਾਂ ਬਾਦਸ਼ਾਹ ਨੂੰ ਗਾਲ਼ਾਂ ਕਢ ਲਈਦੀਆਂ ਨੇ——ਭਾਵ ਇਹ ਹੈ ਕਿ ਸਾਹਮਣੇ ਬੈਠੇ ਬੰਦੇ ਨੂੰ ਕੋਈ ਕੁਝ ਨਹੀਂ ਆਖਦਾ ਪ੍ਰੰਤੁ ਦੂਰ ਬੈਠੇ ਤਕੜੇ ਬੰਦੇ ਨੂੰ ਬੁਰਾ ਭਲਾ ਆਖ ਕੇ ਉਹਦੀ ਨਿੰਦਿਆ-ਚੁਗਲੀ ਕੀਤੀ ਜਾ ਸਕਦੀ ਹੈ।

ਪਿੰਡ ਦੀ ਕੁੜੀ ਤੇ ਸ਼ਹਿਰ ਦੀ ਚਿੜੀ ਇਕ ਬਰਾਬਰ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਸ਼ਹਿਰਾਂ ਦੀਆਂ ਕੁੜੀਆਂ ਪਿੰਡਾਂ ਦੀਆਂ ਕੁੜੀਆਂ ਨਾਲ ਵਧੇਰੇ ਚੁਸਤ ਅਤੇ ਹੁਸ਼ਿਆਰ ਹੁੰਦੀਆਂ ਹਨ।

ਪਿੰਡ ਨੂੰ ਅੱਗ ਲੱਗੀ ਕੁੱਤਾ ਨਿਆਈਏ——ਇਹ ਅਖਾਣ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਖਾਣ-ਪੀਣ ਸਮੇਂ ਤਾਂ ਆਲੇ-ਦੁਆਲੇ ਰਹੇ ਪ੍ਰੰਤੂ ਲੋੜ ਪੈਣ ਤੇ ਮੂੰਹ ਛੁਪਾ ਲਵੇ। ਲੱਭੇ ਹੀ ਨਾ।

ਪਿੰਡ ਵੱਸਿਆ ਨਹੀਂ, ਉਚੱਕੇ ਪਹਿਲਾਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਕੰਮ ਦੇ ਪੂਰੀ ਤਰ੍ਹਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਸ ਵਿੱਚ ਵਿਘਨ ਪਾਉਣ ਵਾਲੇ ਆ ਜਾਣ।

ਪਿੱਦੀ ਨੇ ਵੀ ਪੀਂਘਾਂ ਪਾਈਆਂ——ਜਦੋਂ ਕੋਈ ਕਮਜ਼ੋਰ ਬੰਦਾ ਵੱਡੇ ਬੰਦਿਆਂ ਦੀ ਰੀਸਾਂ ਕਰੇ, ਉਦੋਂ ਇੰਜ ਆਖਦੇ ਹਨ।

ਪੀਹ ਮੋਈ ਪਕਾ ਮੋਈ, ਆਏ ਛੱਟੇ ਖਾ ਗਏ——ਭਾਵ ਇਹ ਹੈ ਕਿ ਮਿਹਨਤ ਤਾਂ ਕੋਈ ਹੋਰ ਕਰਦਾ ਰਹੇ ਤੇ ਉਸ ਦਾ ਲਾਭ ਕੋਈ ਹੋਰ ਲੈ ਕੇ ਤੁਰਦਾ ਬਣੇ।

ਪੀਠੇ ਦਾ ਕੀ ਕਹਿਣਾ——ਭਾਵ ਇਹ ਜਦੋਂ ਕੋਈ ਮਾਮਲਾ ਨਿਪਟ ਗਿਆ ਹੈ। ਉਸ ਬਾਰੇ ਮੁੜ ਕੇ ਗੱਲ ਕਰਨ ਦਾ ਕੋਈ ਲਾਭ ਨਹੀਂ।

ਪੀਹਣੇ ਦਾ ਪੀਹਣਾ ਤੇ ਰੰਘੜਉ ਦਾ ਰੰਘੜਉ——ਇਹ ਅਖਾਣ ਉਸ ਬੰਦੇ ਪ੍ਰਤੀ ਬੋਲਦੇ ਹਨ ਜਿਹੜਾ ਗਰੀਬੀ ਦੀ ਹਾਲਤ ਵਿੱਚ ਪੁੱਜ ਕੇ ਨਿਕੰਮੇ ਕੰਮ ਕਰੇ ਤੂ ਅਤੇ ਆਕੜ ਨਾ ਛੱਡੋ।

ਪੀਰ ਪੈਸਾ ਰੰਨ ਗੁਰ, ਜਿਧਰ ਆਖੇ ਉਧਰ ਤੁਰ——ਇਹ ਅਖਾਣ ਆਮ ਤਾ ਆਪਣੀਆਂ ਘਰ ਵਾਲੀਆਂ ਰੰਨਾਂ ਤੋਂ ਡਰਨ ਵਾਲੇ ਤੇ ਉਹਨਾਂ ਦੇ ਆਖੇ ਲੱਗਣ ਦਾ ਮਰਦਾਂ ਲਈ ਵਰਤਿਆ ਜਾਂਦਾ ਹੈ।

ਪੀੜੇ ਬਿਨਾਂ ਤੇਲ ਨਹੀਂ ਨਿਕਲਦਾ——ਜਦੋਂ ਇਹ ਦੱਸਣਾ ਹੋਵੇ ਕਿ ਸਖ਼ਤੀ ਵਰਤੇ ਬਿਨਾ ਕਿਸੇ ਪਾਸੋਂ ਕੁਝ ਪ੍ਰਾਪਤ ਨਹੀਂ ਹੁੰਦਾ, ਉਦੋਂ ਇਹ ਅਖਾਣ ਵਰਤਦੇ ਹਨ।

ਲੋਕ ਸਿਆਣਪਾਂ/122