ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁੱਤਾਂ ਬਾਝ ਨਾ ਜੱਗ ਨਾਂ ਰੌਸ਼ਨ——ਭਾਵ ਇਹ ਹੈ ਕਿ ਪੁੱਤ ਹੀ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ।

ਪੁੱਤੀਂ ਗੰਢ ਪਵੇ ਸੰਸਾਰ——ਇਸ ਮਹਾ ਵਾਕ ਦਾ ਭਾਵ ਇਹ ਹੈ ਕਿ ਪੁੱਤਾਂ-ਧੀਆਂ ਨਾਲ ਹੀ ਮਨੁੱਖ ਦਾ ਇਸ ਸੰਸਾਰ ਨਾਲ ਸਬੰਧ ਕਾਇਮ ਰਹਿੰਦਾ ਹੈ।

ਪੁੱਤਰ ਕਪੁੱਤਰ ਹੋ ਜਾਂਦੇ ਨੇ ਮਾਪੇ ਕੁਮਾਪੇ ਨਹੀਂ ਹੁੰਦੇ——ਇਸ ਅਖਾਣ ਦਾ ਭਾਵ ਇਹ ਹੈ ਕਿ ਮਾਪੇ ਆਪਣੇ ਪੁੱਤਾਂ ਦੀਆਂ ਗ਼ਲਤੀਆਂ ਨੂੰ ਵਿਸਾਰ ਕੇ ਉਹਨਾਂ ਨੂੰ ਮੁੜ ਆਪਣੇ ਗਲ਼ ਲਾ ਲੈਂਦੇ ਹਨ, ਪੁੱਤ ਭਾਵੇਂ ਮਾਪਿਆਂ ਨੂੰ ਵਿਸਾਰ ਦੇਣ।

ਪੁੱਤਰ ਜੰਮਦੇ ਹੀ ਜਵਾਨ ਹੁੰਦੇ ਹਨ——ਇਸ ਦਾ ਭਾਵ ਹੈ ਕਿ ਮਾਂ-ਬਾਪ ਆਪਣੇ ਪੁੱਤ ਦੇ ਜੰਮਦੇ ਸਾਰ ਹੀ ਉਸ ’ਤੇ ਆਸਾਂ, ਉਮੀਦਾਂ ਲਾ ਲੈਂਦੇ ਹਨ।

ਪੁੱਤਰ ਮਿਠੇ ਮੇਵੇ, ਰੱਬ ਹਰ ਕਿਸੇ ਨੂੰ ਦੇਵੇ——ਇਹ ਅਖਾਣ ਪੁੱਤਾਂ ਵਾਲੀਆਂ ਮਾਵਾਂ ਆਮ ਤੌਰ 'ਤੇ ਦੂਜੀਆਂ ਜ਼ਨਾਨੀਆਂ ਨੂੰ ਸ਼ੁੱਭ ਇੱਛਾਵਾਂ ਅਤੇ ਅਸੀਂਸਾਂ ਦੇਣ ਵਜੋਂ ਵਰਤਦੀਆਂ ਹਨ।

ਪੁੱਤ ਰੋਂਦਾ ਕਿਉਂ ਐ, ਅਖੇ ਥਾਲੀ 'ਚ ਕੁਝ ਨਹੀਂ——ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਭੁੱਖ ਹੀ ਸਭ ਤੋਂ ਵੱਡਾ ਰੋਣਾ ਹੈ, ਜਿਸ ਨੂੰ ਰੱਜਵੀਂ ਰੋਟੀ ਮਿਲੇਗੀ ਉਹ ਕਿਉਂ ਰੋਵੇਗਾ।

ਪੁੱਤਰੀਂ ਭਾਗ, ਕੋਈ ਲਿਆਵੇ ਲੱਕੜੀਆਂ ਕੋਈ ਲਿਆਵੇ ਸਾਗ——ਇਸ ਅਖਾਣ ਦਾ ਭਾਵ ਇਹ ਹੈ ਕਿ ਪੁੱਤਰ ਮਾਪਿਆਂ ਦੇ ਕੰਮ-ਕਾਰ ਵਿੱਚ ਉਹਨਾਂ ਦਾ ਹੱਥ ਵਟਾਉਂਦੇ ਹਨ ਅਤੇ ਵੇਲੇ ਕੁਵੇਲੇ ਸਹਾਇਤਾ ਵੀ ਕਰਦੇ ਹਨ।

ਪੁੰਨ ਦੀ ਗਊ ਦੇ ਦੰਦ ਕੌਣ ਗਿਣਦਾ ਹੈ——ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਮੁਫ਼ਤ ਵਿੱਚ ਮਿਲੀ ਵਸਤੁ ਵਿੱਚ ਕੋਈ ਮੀਨ ਮੇਖ਼ ਨਹੀਂ ਕੱਢਦਾ, ਜੋ ਮਿਲ ਗਿਆ ਸੋਈ ਚੰਗਾ।

ਪੂਰਾ ਕਿਸੇ ਨਾ ਤੋਲਿਆ ਜੋ ਤੋਲੇ ਸੋ ਘੱਟ——ਇਹ ਅਖਾਣ ਉਦੋਂ ਵਰਦੇ ਹਨ ਜਦੋਂ ਕਿਸੇ ਨੂੰ ਪੂਰਾ ਨਿਆਂ ਨਾ ਮਿਲੇ, ਭਾਵ ਇਹ ਹੈ ਕਿ ਇਸ ਸੰਸਾਰ ਵਿੱਚ ਕਿਸੇ ਨੂੰ ਵੀ ਪੂਰਾ ਨਿਆਂ ਨਹੀਂ ਮਿਲਦਾ।

ਪੇਕੇ ਗਈਆਂ ਦੀ ਖੈਰ ਕੌਣ ਪਾਏ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕਿਸੇ ਗ਼ੈਰ-ਹਾਜ਼ਰ ਬੰਦੇ ਦਾ ਹਿੱਸਾ ਮੰਗੇ।

ਪੇਕੇ ਮਾਵਾਂ ਨਾਲ, ਮਾਣ ਭਰਾਵਾਂ ਨਾਲ——ਇਸ ਅਖਾਣ ਵਿੱਚ ਇਹ ਅਟੱਲ ਸੱਚਾਈ ਦਰਸਾਈ ਗਈ ਹੈ ਕਿ ਪੇਕੇ ਘਰ ਵਿੱਚ ਮਾਵਾਂ ਹੀ ਆਪਣੀਆਂ ਸਹੁਰੀਂ ਗਈਆਂ ਧੀਆਂ ਦੀ ਉਤਸੁਕਤਾ ਨਾਲ ਉਡੀਕ ਕਰਦੀਆਂ ਹਨ ਅਤੇ ਭੈਣਾਂ ਨੂੰ ਪੇਕੇ ਘਰ ਵਿੱਚ ਆਦਰ-ਮਾਣ ਉਹਨਾਂ ਦੇ ਭਰਾਵਾਂ ਸਦਕਾ ਹੀ ਮਿਲਦਾ ਹੈ।

ਲੋਕ ਸਿਆਣਪਾਂ/123