ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫਸੀ ਨੂੰ ਫਟਕਣ ਕੀ———ਭਾਵ ਇਹ ਹੈ ਕਿ ਜਦੋਂ ਕੋਈ ਕਿਸੇ ਕੰਮ ਨੂੰ ਸ਼ੁਰੂ ਕਰ ਬੈਠੇ ਤਾਂ ਉਸ ਨੂੰ ਪੂਰਾ ਕਰਕੇ ਹੀ ਦਮ ਲੈਣਾ ਚਾਹੀਦਾ ਹੈ, ਚਾਹੇ ਕਿੰਨੀ ਵੀ ਔਖ ਝੱਲਣੀ ਪਵੇ।

ਫ਼ਕੀਰਾ ਫ਼ਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਫ਼ਕੀਰੀ ਧਾਰਨ ਕਰਨ ਲਈ ਬੜੀ ਔਖੀ ਘਾਲਣਾ ਘਾਲਣੀ ਪੈਂਦੀ ਹੈ।

ਫਫੇਕੁੱਟਣ ਲੱਗੀ ਲੁੱਟਣ———ਜਦੋਂ ਕੋਈ ਬੰਦਾ ਕਿਸੇ ਨਾਲ ਧੋਖਾ ਕਰੇ ਜਾਂ ਠੱਗੀ ਮਾਰੇ, ਉਦੋਂ ਇੰਜ ਆਖਦੇ ਹਨ।

ਫਾਟਕ ਟੁੱਟਿਆ ਘਰ ਲੁੱਟਿਆ———ਜਦੋਂ ਕੋਈ ਕੰਮ ਨਿਰਵਿਘਨ ਸ਼ੁਰੂ ਹੋ ਜਾਵੇ, ਉਹ ਹਰ ਹਾਲਤ ਵਿੱਚ ਸਫ਼ਲਤਾਪੂਰਵਕ ਸਿਰੇ ਚੜ੍ਹ ਜਾਂਦਾ ਹੈ।

ਫਾਥੀ ਨੂੰ ਫਟਕਣ ਕੀ———ਇਹ ਅਖਾਣ ਉਸ ਸਮੇਂ ਬੋਲਦੇ ਹਨ ਜਦੋਂ ਕੋਈ ਬੰਦਾ ਮਜ਼ਬੂਰ ਹੋ ਕੇ ਕਿਸੇ ਔਖੇ ਕੰਮ ਵਿੱਚ ਫਸ ਜਾਂਦਾ ਹੈ।

ਫਿਟੇ ਮੂੰਹ ਜੇਹੇ ਜੰਮੇ ਦਾ———ਜਦੋਂ ਕੋਈ ਪੁੱਤਰ ਆਪਣੇ ਮਾਂ-ਬਾਪ ਲਈ ਖੁਨਾਮੀ ਖੱਟੇ ਤੇ ਉਹਨਾਂ ਨੂੰ ਬਦਨਾਮ ਕਰੇ ਤਾਂ ਸੜੇ ਹੋਏ ਮਾਪੇ ਇੰਜ ਆਖਦੇ ਹਨ।

ਫੁੱਲਾਂ ਨਾਲ ਕੰਡੇ ਵੀ ਹੁੰਦੇ ਨੇ———ਇਸ ਅਖਾਣ ਦਾ ਭਾਵ ਇਹ ਹੈ ਕਿ ਸੁੱਖਾਂ ਨਾਲ ਦੁੱਖ ਵੀ ਮਿਲਦੇ ਹਨ। ਜੀਵਨ ਦੋਹਾਂ ਦਾ ਸੁਮੇਲ ਹੈ।

ਫੁੱਲਾਂ ਬਾਝ ਨਾ ਸੋਂਹਦੀਆਂ ਵੇਲਾਂ, ਪੁੱਤਰਾਂ ਬਾਝ ਨਾ ਮਾਵਾਂ———ਭਾਵ ਇਹ ਹੈ ਕਿ ਜਿਸ ਤਰ੍ਹਾਂ ਵੇਲਾਂ ਫੁੱਲਾਂ ਨਾਲ ਸੁਹਾਂਦੀਆਂ ਹਨ, ਉਵੇਂ ਹੀ ਮਾਵਾਂ ਪੁੱਤਰਾਂ ਨਾਲ ਸੋਂਹਦੀਆਂ ਹਨ, ਮਾਵਾਂ ਦਾ ਸਤਿਕਾਰ ਪੁੱਤਰਾਂ ਨਾਲ ਹੈ।

ਛੂਹੀਂ ਛੂਹੀਂ ਤਲਾਅ ਭਰਿਆ ਜਾਂਦਾ ਹੈ———ਭਾਵ ਇਹ ਹੈ ਕਿ ਥੋੜ੍ਹੀ-ਥੋੜ੍ਹੀ ਬਚਤ ਕਰਨ ਨਾਲ ਬਹੁਤ ਸਾਰੀ ਰਕਮ ਇਕੱਠੀ ਹੋ ਜਾਂਦੀ ਹੈ।

ਬਹੁਤਾ ਜਾਈਏ ਤਾਂ ਭਰਮ ਗਵਾਈਏ———ਇਸ ਅਖਾਣ ਵਿੱਚ ਇਹ ਉਪਦੇਸ਼ ਦਿੱਤਾ ਗਿਆ ਹੈ ਕਿ ਸੱਜਣਾਂ-ਮਿੱਤਰਾਂ ਦੇ ਘਰੀਂ ਆਮ ਆਉਣ-ਜਾਣ ਨਾਲ ਸਤਿਕਾਰ ਘੱਟ ਜਾਂਦਾ ਹੈ।

ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ, ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ———ਇਸ ਅਖਾਣ ਵਿੱਚ ਜੀਵਨ ਪ੍ਰਤੀ ਵਿਚਕਾਰਲਾ ਰਸਤਾ ਅਪਨਾਉਣ ਦੀ ਸਲਾਹ ਦਿੱਤੀ ਗਈ ਹੈ। ਨਾ ਬਹੁਤਾ ਬੋਲਣਾ ਚੰਗਾ ਹੈ ਤੇ ਨਾ ਹੀ

ਲੋਕ ਸਿਆਣਪਾਂ/ 125