ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਬਾਹਰੀਂ ਵੜੀਂ ਸੰਢ ਵਿਆਈ, ਉਸ ਵੀ ਕਾਣੀ ਕੁੜੀ ਜਾਈ———ਜਦੋਂ ਕਿਸੇ ਲੰਬੀ ਉਡੀਕ ਮਗਰੋਂ ਕੋਈ ਮੁਰਾਦ ਪੂਰੀ ਹੁੰਦੀ ਦਿਸਦੀ ਹੋਵੇ ਪ੍ਰੰਤੂ ਮੁਰਾਦ ਪੂਰੀ ਨਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬਾਹਰੀਂ ਵਰੀਂ ਮੁਕਾਣ ਆਈ, ਹੱਸਦਿਆਂ ਨੂੰ ਰੁਆਣ ਆਈ———ਜਦੋਂ ਕੋਈ ਬੰਦਾ ਕਾਫ਼ੀ ਲੰਮੇ ਸਮੇਂ ਮਗਰੋਂ ਕਿਸੇ ਮਰਗ ਵਾਲੇ ਘਰ ਮਾਤਮਪੁਸ਼ੀ ਕਰਨ ਆਵੇ, ਤੇ ਘਰ ਵਾਲੇ ਮਰਨ ਵਾਲੇ ਨੂੰ ਭੁੱਲ ਭੁਲਾ ਚੁੱਕੇ ਹੋਣ ਤੇ ਆਉਣ ਵਾਲਾ ਮਰੇ ਹੋਏ ਬੰਦੇ ਦੀ ਯਾਦ ਤਾਜ਼ਾ ਕਰਵਾ ਕੇ ਘਰਦਿਆਂ ਨੂੰ ਰੋਣ ਪਿੱਟਣ ਲਾ ਦੇਵੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਬਾਹਰੀਂ ਵਰੀਂ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ———ਜਦੋਂ ਲੰਬੀ ਉਡੀਕ ਮਗਰੋਂ ਕਿਸੇ ਦਾ ਰੁਕਿਆ ਹੋਇਆ ਕੰਮ ਬਣ ਜਾਵੇ ਜਾਂ ਮਨ ਦੀ ਤਮੰਨਾ ਪੂਰੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ———ਜਦੋਂ ਕੋਈ ਬੰਦਾ ਨਫ਼ੇ ਦੀ ਆਸ ’ਤੇ ਕੰਮ ਕਰਦਾ ਹੋਇਆ ਪੱਲਿਓਂ ਨੁਕਸਾਨ ਕਰਵਾ ਬੈਠੇ, ਉਦੋਂ ਆਖਦੇ ਹਨ।

ਬਾਜਰਾ ਜੇਠੀ ਦਾ ਪੁੱਤਰ ਪਲੇਠੀ ਦਾ———ਸਿਆਣੇ ਬੰਦੇ ਪਹਿਲ ਪਲੇਠੀ ਦੇ ਪੁੱਤ ਨੂੰ ਇਸ ਲਈ ਚੰਗਾ ਮੰਨਦੇ ਹਨ ਕਿਉਂਕਿ ਉਹ ਛੇਤੀ ਜਵਾਨ ਹੋ ਕੇ ਆਪਣੇ ਪਿਉ ਦੀ ਮਦਦ ਕਰਨ ਲੱਗ ਜਾਂਦਾ ਹੈ।

ਬਾਂਝ ਕੀ ਜਾਣੇ ਪਰਸੂਤਾਂ ਦੀਆਂ ਪੀੜਾਂ———ਭਾਵ ਇਹ ਹੈ ਕਿ ਜਿਸ ਨੇ ਦੁਖ ਆਪ ਨਹੀਂ ਝਲਿਆ ਉਹ ਦੂਜੇ ਦੇ ਦੁੱਖ ਦੀ ਪੀੜ ਕੀ ਸਮਝ ਸਕਦਾ ਹੈ।

ਬਾਣ ਨਾ ਗਈ ਤੇਰੀ, ਬੁਢ ਬਰੇਂਦੀ ਵੇਰੀ———ਜੇ ਕੋਈ ਬੰਦਾ ਬੁੱਢੇ ਬਾਰੇ ਵੀ ਆਪਣੀ ਪਹਿਲੀ ਆਦਤ ਅਨੁਸਾਰ ਕੋਈ ਮਾੜਾ ਕੰਮ ਕਰੇ, ਉਦੋਂ ਉਸ ਨੂੰ ਵਿਅੰਗ ਵਜੋਂ ਇੰਜ ਆਖਦੇ ਹਨ।

ਬਾਣੀਏ ਦਾ ਪੁੱਤ ਕੁਝ ਦੇਖ ਕੇ ਡਿੱਗਦਾ ਹੈ———ਭਾਵ ਇਹ ਹੈ ਕਿ ਬਾਣੀਆਂ ਹਰ ਹਾਲਤ ਵਿੱਚ ਆਪਣਾ ਲਾਭ ਕੱਢ ਲੈਂਦਾ ਹੈ।

ਬਾਣੀਆਂ ਹੇਠ ਪਿਆ ਵੀ ਰੋਵੇ, ਉੱਤੇ ਪਿਆ ਵੀ———ਇਸ ਅਖਾਣ ਦਾ ਪਿਛੋਕੜ ਇਹ ਹੈ ਕਿ ਕਿਸੇ ਕਾਰਨ ਜੱਟ ਤੇ ਬਾਣੀਆ ਹੱਥੋਂ ਪਾਈ ਹੋ ਗਏ ਤੇ ਜੱਟ ਅੜ੍ਹਕ ਤੇ ਥੱਲ੍ਹੇ ਡਿੱਗ ਪਿਆ। ਬਾਣੀਆਂ ਉਹ ਨੂੰ ਦਬ ਕੇ ਉੱਪਰ ਬੈਠ ਗਿਆ ਪ੍ਰੰਤੂ ਜੱਟ ਤੇ ਬੈਠਾ ਹੋਇਆ ਵੀ ਹਾਲ ਦੁਹਾਈ ਪਾਈ ਜਾਵੇ, ਅਖੇ ਜੱਟ ਨੇ ਉਠ ਕੇ ਢਾ ਲੈਣੇ, ਸੋ ਬਾਣੀਆਂ ਹਰ ਹਾਲਤ ਵਿੱਚ ਰੋਂਦਾ ਹੈ।

ਬਾਂਦਰ ਕੀ ਜਾਣੇ ਲੌਂਗਾਂ ਦਾ ਭਾਅ———ਜਦੋਂ ਕਿਸੇ ਬੰਦੇ ਨੂੰ ਕਿਸੇ ਵਸਤੂ ਬਾਰੇ ਜਾਣਕਾਰੀ ਨਾ ਹੋਵੇ, ਉਦੋਂ ਇੰਜ ਆਖਦੇ ਹਨ।

ਬਾਂਦਰ ਦੇ ਗਲ਼ ਮੋਤੀਆਂ ਦਾ ਹਾਰ ਜਾਂ ਬਾਂਦਰ ਨੂੰ ਬਨਾਤ ਦੀਆਂ ਟੋਪੀਆਂ———ਜਦੋਂ

ਲੋਕ ਸਿਆਣਪਾਂ/128