ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਰਾਂ ਕੋਹ ਦਰਿਆ ਘਗਰਾ ਮੋਢਿਆਂ 'ਤੇ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜਾ ਕਿਸੇ ਦੇਰ ਨਾਲ ਕਰਨ ਵਾਲੇ ਕੰਮ ਬਾਰੇ ਪਹਿਲਾਂ ਹੀ ਚਿੰਤਿਤ ਹੋ ਜਾਵੇ।

ਬਾਰਾਂ ਪੂਰਬੀਏ ਤੇਰਾਂ ਚੁੱਲ੍ਹੇ———ਇਹ ਅਖਾਣ ਆਮ ਕਰਕੇ ਟੱਬਰ ਵਿੱਚ ਪਈ ਫੁੱਟ ਅਤੇ ਹੱਦੋਂ ਵਧੀ ਛੂਤ-ਛਾਤ ਨੂੰ ਦਰਸਾਉਣ ਲਈ ਬੋਲਦੇ ਹਨ।

ਬਾਲ ਦਾ ਪੱਜ ਮਾਂ ਦਾ ਰੱਜ———ਜਦੋਂ ਕਿਸੇ ਬੰਦੇ ਨੂੰ ਕਿਸੇ ਹੋਰ ਦੇ ਬਹਾਨੇ ਲਾਭ ਪ੍ਰਾਪਤ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬਾਲ ਦੀ ਮਾਂ ਨਾ ਮਰੇ, ਬੁੱਢੇ ਦੀ ਰੰਨ ਨਾ ਮਰੇ———ਭਾਵ ਇਹ ਹੈ ਕਿ ਤੀਵੀਂ ਦੇ ਮਰਨ ਨਾਲ ਬੁੱਢੇ ਪੁਰਸ਼ ਦੀ ਅਤੇ ਮਾਂ ਦੇ ਮਰਨ ਨਾਲ ਬੱਚੇ ਦੀ ਮਾੜੀ ਹਾਲਤ ਹੋ ਜਾਂਦੀ ਹੈ।

ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਈਦੀ———ਜਦੋਂ ਕੋਈ ਬੰਦਾ ਅਮੀਰਾਂ ਦੀਆਂ ਚੰਗੀਆਂ ਚੀਜ਼ਾਂ ਵੇਖ ਕੇ ਆਪਣੀਆਂ ਮੰਦੀਆਂ ਚੀਜ਼ਾਂ ਨੂੰ ਫਿਟਕਾਰਨ ਲੱਗ ਜਾਵੇ, ਉਦੋਂ ਇੰਜ ਸਮਝਾਉਂਦੇ ਹਨ।

ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮਨਾਈਦੀਆਂ———ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੇ ਆਸਰੇ ਤੇ ਲਾਭ ਹਾਸਲ ਕਰਨ ਦੀ ਥਾਂ ਉਲਟਾ ਨੁਕਸਾਨ ਕਰਵਾ ਬੈਠੇ, ਉਦੋਂ ਕਹਿੰਦੇ ਹਨ।

ਬਿਗਾਨੇ ਦੰਘਾਂ ਸ਼ਾਹ ਨਹੀਂ ਬਣੀਦਾ———ਜਦੋਂ ਕੋਈ ਬੰਦਾ ਕਿਸੇ ਹੋਰ ਤੋਂ ਵਸਤਾਂ ਉਧਾਰ ਲੈ ਕੇ ਆਪਣੀ ਟੋਹਰ ਕੱਢੇ, ਉਦੋਂ ਉਸ ਨੂੰ ਸਮਝਾਉਣ ਲਈ ਸਿਆਣੇ ਇਹ ਅਖਾਣ ਬੋਲਦੇ ਹਨ।

ਬਿਜਲੀ ਸਹੇ ਤੇ ਹੀ ਪੈਂਦੀ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਮਾੜੇ ਬੰਦਿਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਿਨ ਮਾਂਗੇ ਮੋਕੇ ਮਿਲੇ ਮਾਂਗੇ ਮਿਲੇ ਨਾ ਭੀਖ———ਭਾਵ ਹਿ ਹੈ ਕਿ ਮੰਗਣ ਨਾਲ ਮਨੁੱਖ ਦੀ ਕਦਰ ਘੱਟ ਜਾਂਦੀ ਹੈ, ਤਦੇ ਆਖਦੇ ਹਨ, ਮੰਗਣ ਗਿਆ ਸੋ ਮਰ ਗਿਆ।

ਬਿਨਾਂ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ———ਇਸ ਅਖਾਣ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਬਿਨਾ ਸਲਾਹ ਮੰਗੇ ਤੇ ਦੂਜੇ ਨੂੰ ਸਲਾਹ ਦੇਣੀ ਉਚਿਤ ਨਹੀਂ, ਨਾ ਹੀ ਕਿਸੇ ਦੇ ਮਾਮਲੇ ਵਿੱਚ ਦਖ਼ਲ ਦੇਣਾ ਚੰਗਾ ਹੈ।

ਬਿੱਲੀ ਖਾਏਗੀ ਨਾ ਤਾਂ ਰੋੜ ਤਾਂ ਦੇਵੇਗੀ———ਜਦੋਂ ਕੋਈ ਭੈੜੀ ਜ਼ਮੀਰ ਵਾਲਾ ਬੰਦਾ ਆਪਣਾ ਲਾਭ ਨਾ ਹੁੰਦਾ ਦੇਖ ਕੇ ਦੂਜਿਆਂ ਦਾ ਐਵੇਂ ਨੁਕਸਾਨ ਕਰ ਦੇਵੇ, ਉਦੋਂ ਇੰਜ ਆਖਦੇ ਹਨ।

ਬਿੱਲੀ ਜਦੋਂ ਡਿਗਦੀ ਹੈ ਪੰਜਿਆਂ ਪਰਨੇ———ਭਾਵ ਇਹ ਹੈ ਕਿ ਹੁਸ਼ਿਆਰ ਤੇ

ਲੋਕ ਸਿਆਣਪਾਂ/130