ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਾਰਨ ਅਤੇ ਪੁਰਾਣਾ ਗੱਡਾ ਟੁੱਟ ਭੱਜ ਕਾਰਨ ਮਾਲਕ ਲਈ ਨਿੱਤ ਨਵੇਂ ਖ਼ਰਚੇ ਸਹੇੜਦੇ ਰਹਿੰਦੇ ਹਨ।

ਬੁੱਢੇ ਤੋਤੇ ਪੜ੍ਹਨ ਕੁਰਾਨ———ਜਦੋਂ ਕੋਈ ਪੁਰਸ਼ ਵਡੇਰੀ ਉਮਰ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦੇਵੇ, ਉਦੋਂ ਇੰਜ ਆਖੀਦਾ ਹੈ।

ਬੁੱਢੇ ਬਾਰੇ, ਖਲਕ ਦੁਆਰੇ———ਭਾਵ ਇਹ ਹੈ ਕਿ ਬੁੱਢੀ ਉਮਰ ਵਿੱਚ ਪੁੱਜ ਕੇ ਨਿਆਸਰਾ ਬੰਦਾ ਲੋਕਾਂ ਦੇ ਹੱਥਾਂ ਵੱਲ ਦੇਖ ਕੇ ਗੁਜ਼ਾਰਾ ਕਰਦਾ ਹੈ।

ਬੁੱਢੇ ਬਾਰੇ ਨਿਸਰੀ ਡੂਮਾਂ ਦੀ ਜਵਾਰ———ਜਦੋਂ ਬਹੁਤ ਉਡੀਕ ਕਰਨ ਮਗਰੋਂ ਕਿਸੇ ਦੀ ਤਮੰਨਾ ਪੂਰੀ ਹੋਈ ਹੋਵੇ, ਉਦੋਂ ਆਖਦੇ ਹਨ।

ਬੁਰਾ ਹਾਲ ਬਾਂਕੇ ਦਿਹਾੜੇ———ਜਦੋਂ ਕਿਸੇ ਬੰਦੇ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਜਾਵੇ, ਉਦੋਂ ਇੰਜ ਆਖੀਦਾ ਹੈ।

ਬੁਰਾ ਗਰੀਬ ਦਾ ਮਾਰਨਾ, ਬੁਰੀ ਗਰੀਬ ਦੀ ਆਹ, ਗਲ਼ੇ ਬੱਕਰੇ ਦੀ ਖਲ ਨਾ, ਲੋਹਾ ਭਸਮ ਹੋ ਜਾ———ਇਸ ਅਖਾਣ ਵਿੱਚ ਅਟੱਲ ਸੱਚਾਈ ਬਿਆਨ ਕੀਤੀ ਗਈ ਹੈ। ਗਰੀਬ ਨੂੰ ਸਤਾਉਣਾ ਚੰਗਾ ਨਹੀਂ, ਸੜੇ ਹੋਏ ਗ਼ਰੀਬ ਦੀ ਆਹ ਸਤਾਉਣ ਵਾਲੇ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ।

ਬੁਰਾਈ ਖੰਭ ਲਾ ਕੇ ਉਡਦੀ ਹੈ———ਭਾਵ ਇਹ ਹੈ ਕਿ ਕਿਸੇ ਦੀ ਮਾੜੀ ਤੇ ਬਦਨਾਮੀ ਵਾਲੀ ਖ਼ਬਰ ਬਹੁਤ ਛੇਤੀ ਫੈਲ ਜਾਂਦੀ ਹੈ।

ਬੁਰਿਆ, ਤੈਥੋਂ ਡਰ ਨਹੀਂ, ਤੇਰੀ ਬੁਰਿਆਇਉਂ ਡਰ ਲਗਦੈ———ਭਾਵ ਇਹ ਹੈ ਕਿ ਸਭ ਬੰਦੇ ਰੱਬ ਦਾ ਰੂਪ ਹਨ, ਡਰ ਕਾਹਦਾ? ਪ੍ਰੰਤੁ ਬੁਰਾ ਕਰਨ ਵਾਲਾ ਬੰਦਾ ਸਭ ਨੂੰ ਮਾੜਾ ਲੱਗਦਾ ਹੈ ਤੇ ਹਰ ਭਲਾਮਾਣਸ ਬੰਦਾ ਆਪਣੀ ਇੱਜ਼ਤ ਆਬਰੂ ਬਚਾਉਣ ਲਈ ਉਸ ਤੋਂ ਦੂਰ ਭੱਜਦਾ ਹੈ।

ਬੁਰਿਆਂ ਦੇ ਸੰਗ ਬੈਠ ਕੇ ਭਲਿਆਂ ਦੀ ਪੱਤ ਏ———ਭਾਵ ਸਪੱਸ਼ਟ ਹੈ ਕਿ ਬੁਰੇ ਬੰਦਿਆਂ ਦੀ ਸੰਗਤ ਕਰਨ ਨਾਲ ਭਲਾਮਾਣਸ ਵੀ ਬਦਨਾਮ ਹੋ ਜਾਂਦੇ ਹਨ।

ਬੁਰੇ ਨੂੰ ਨਾ ਮਾਰੋ, ਬੁਰੇ ਦੀ ਮਾਂ ਨੂੰ ਮਾਰੋ———ਭਾਵ ਇਹ ਹੈ ਕਿ ਬੁਰਾਈ ਨੂੰ ਖ਼ਤਮ ਕਰਨ ਲਈ ਬੁਰਾਈ ਦੇ ਕਾਰਨਾਂ ਦਾ ਨਾਸ਼ ਕਰਨਾ ਜ਼ਰੂਰੀ ਹੈ।

ਬੂਹੇ ਆਈ ਜੰਵ, ਵਿਨ੍ਹੋਂ ਕੁੜੀ ਦੇ ਕੰਨ———ਜਦੋਂ ਕਿਸੇ ਅਤਿ ਜ਼ਰੂਰੀ ਕੰਮ ਨੂੰ ਐਨ ਮੌਕੇ 'ਤੇ ਹੀ ਆਰੰਭ ਕੀਤਾ ਜਾਵੇ, ਉਦੋਂ ਆਖਦੇ ਹਨ।

ਬੂਰ ਦੇ ਲੱਡੂ, ਖਾਏ ਉਹ ਵੀ ਪਛਤਾਏ, ਨਾ ਖਾਏ ਉਹ ਵੀ ਪਛਤਾਏ———ਆਮ ਕਰਕੇ ਇਹ ਅਖਾਣ ਵਿਆਹੁਤਾ ਜੀਵਨ ਦੀ ਤਲਖ਼ ਹਕੀਕਤ ਬਾਰੇ ਬੋਲਿਆ ਜਾਂਦਾ ਹੈ। ਜਿਹੜੇ ਵਿਆਹੇ ਨਹੀਂ ਉਹ ਵਿਆਹ ਦਾ ਸੁਖ ਮਾਨਣਾ ਲੋਚਦੇ ਹਨ, ਵਿਆਹੇ ਹੋਏ ਵਿਆਹ ਦੇ ਖਲਜਗਣਾਂ ਤੋਂ ਦੁਖੀ ਹੋ ਕੇ ਵਿਆਹ ਕਰਕੇ ਪਛਤਾਉਂਦੇ ਹਨ।

ਲੋਕ ਸਿਆਣਪਾਂ/133