ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੂਰ ਪਿਐ ਤਾਂ ਫਲ ਵੀ ਪਏਗਾ———ਜਦੋਂ ਕੋਈ ਆਸ ਪੂਰੀ ਹੁੰਦੀ ਨਜ਼ਰ ਆਉਂਦੀ ਹੋਵੇ, ਉਦੋਂ ਕਹਿੰਦੇ ਹਨ।

ਬੇਕਾਰੀ ਤੋਂ ਬੇਗਾਰ ਭਲੀ———ਭਾਵ ਇਹ ਹੈ ਕਿ ਵਿਹਲਾ ਰਹਿਣਾ ਬਹੁਤ ਹੀ ਮਾੜਾ ਕਰਮ ਹੈ।

ਬੇਰੀ ਬੇਰ ਤੇ ਕਣਕਾਂ ਢੇਰ———ਇਸ ਅਖਾਣ ਦਾ ਭਾਵ ਇਹ ਹੈ ਕਿ ਹੁਨਰਮੰਦ ਬੰਦਾ ਕਦੀ ਵੀ ਰੋਟਿਓਂ ਭੁੱਖਾ ਨਹੀਂ ਮਰਦਾ।

ਬੇੜੀ ਸੰਗ ਲੋਹਾ ਵੀ ਭਰ ਜਾਂਦਾ ਹੈ———ਜਦੋਂ ਕਿਸੇ ਚੰਗੇ ਬੰਦੇ ਦੀ ਸੰਗਤ ਕਰਕੇ ਕਿਸੇ ਮਾੜੇ ਬੰਦੇ ਨੂੰ ਲਾਭ ਪ੍ਰਾਪਤ ਹੋ ਜਾਵੇ, ਉਦੋਂ ਆਖਦੇ ਹਨ।

ਬੈਠੇ ਦੀ ਢੇਰੀ, ਤੇ ਫਿਰਦੇ ਦੀ ਫੇਰੀ———ਭਾਵ ਸਪੱਸ਼ਟ ਹੈ ਕਿ ਉੱਦਮੀ ਪੁਰਸ਼ ਨੂੰ ਸਦਾ ਸਫ਼ਲਤਾ ਦਾ ਫ਼ਲ ਪ੍ਰਾਪਤ ਹੁੰਦਾ ਹੈ, ਆਲਸੀ ਬੰਦੇ ਨੂੰ ਕੋਈ ਲਾਭ ਨਹੀਂ ਮਿਲਦਾ, ਬਸ ਹੱਥ ਮਲਦਾ ਹੀ ਰਹਿ ਜਾਂਦਾ ਹੈ।

ਬੋਹਲ ਸਾਈਆਂ ਦਾ ਹਵਾ ਚੂਹੜਿਆਂ ਦੀ———ਭਾਵ ਇਹ ਹੈ ਕਿ ਜਦੋਂ ਕੋਈ ਥੋੜ੍ਹ ਚਿੱਤਾ ਬੰਦਾ ਕਿਸੇ ਬਿਗਾਨੇ ਦੀ ਧੌਸ ਕਰਕੇ ਆਕੜਿਆ ਫਿਰੇ, ਉਦੋਂ ਇੰਜ ਆਖਦੇ ਹਨ।

ਬੋਲੀ ਕਾਜ ਬਿਗਾੜਿਆ ਜਿਉਂ ਮੂਲੀ ਪੱਤਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਦੇ ਮੂੰਹੋਂ ਅਯੋਗ ਸ਼ਬਦ ਕਹਿਣ 'ਤੇ ਉਸ ਦੀ ਹੀਣੀ ਜਾਤ ਦਾ ਪਤਾ ਲੱਗ ਜਾਵੇ।

ਬੋਲੇ ਅੱਗੇ ਗਾਵੀਏ ਭੈਰੋ ਸੋ ਗੌੜੀ———ਭਾਵ ਇਹ ਕਿ ਕਿਸੇ ਬੇਅਕਲ ਤੇ ਬੇਸਮਝ ਬੰਦੇ ਨਾਲ਼ ਅਕਲ ਦੀਆਂ ਤੇ ਗਿਆਨ ਦੀਆਂ ਗੱਲਾਂ ਕਰਨੀਆਂ ਬੇਅਰਥ ਹਨ।

ਭਗਤ ਕੁੱਤੇ ਭਗਵਾਨ ਦੇ ਭੌਕਣ ਸਾਰੀ ਰਾਤ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਰੱਬ ਦੇ ਪਿਆਰੇ ਸਾਰੀ ਰਾਤ ਉਸ ਦੀ ਭਗਤੀ ਕਰਦਿਆਂ ਗੁਜ਼ਾਰ ਦਿੰਦੇ ਹਨ ਅਤੇ ਕੁੱਤੇ ਨੂੰ ਰੱਬ ਦਾ ਕੂਕਰ ਆਖਿਆ ਗਿਆ ਹੈ, ਤਦੇ ਤਾਂ ਆਖਦੇ ਹਨ ਕੁੱਤੇ ਦੀ ਕੂਕ ਰੱਬ ਦੀ ਦਰਗਾਹ ਵਿੱਚ ਸੁਣਦੀ ਹੈ।

ਭਜਦਿਆਂ ਨੂੰ ਵਾਹਣ ਇੱਕੋ ਜਿਹੈ———ਜਦੋਂ ਦੋ ਧਿਰਾਂ ਆਪਸ ਵਿੱਚ ਝਗੜਾ ਕਰਕੇ ਇਕ-ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਕੱਚੀ ਟੁੱਟੀ ਮੂੰਗਲੀ ਗੋਹਿਆਂ ਜੋਗੀ ਵੀ ਨਾ———ਜਦੋਂ ਕੋਈ ਵਰਤੋਂ ਯੋਗ ਚੀਜ਼ ਭਜ ਟੁੱਟ ਕੇ ਨਿਕੰਮੀ ਹੋ ਜਾਵੇ, ਉਦੋਂ ਆਖਦੇ ਹਨ।

ਲੋਕ ਸਿਆਣਪਾਂ/134