ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੱਜੀ ਟੁੱਟੀ ਦਾ ਪੱਤਣ ਮੇਲਾ———ਜਦੋਂ ਮੱਠੀ ਚਾਲੇ ਤੁਰਨ ਵਾਲੇ ਰਾਹੀ ਪੱਤਣ ਉੱਤੇ ਜਾ ਕੇ ਪਹਿਲਾਂ ਤੇਜ਼ ਤੁਰੇ, ਆਪਣਾ ਸਾਥੀਆਂ ਨੂੰ ਜਾ ਮਿਲਦੇ ਹਨ, ਉਦੋਂ ਇਹ ਅਖਾਣ ਵਰਤਦੇ ਹਨ।

ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ———ਭਾਵ ਇਹ ਹੈ ਕਿ ਕਿਸੇ ਕਾਰਨ ਕਰਕੇ ਵੀ ਦੁਖੀ ਹੋਇਆ ਬੰਦਾ ਆਖ਼ਰ ਆਪਣੇ ਸਾਕ ਸਬੰਧੀਆਂ ਦਾ ਹੀ ਆਸਰਾ ਭਾਲਦਾ ਹੈ।

ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਪਾੜੇ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕੀਮਤੀ ਵਸਤੂ ਦਾ ਕੋਈ ਲਾਭ ਨਹੀਂ, ਜੇਕਰ ਉਹ ਤੁਹਾਡੇ ਲਈ ਦੁਖ ਦਾ ਕਾਰਨ ਬਣਦੀ ਹੈ।

ਭੰਡਾਂ (ਡੂਮਾਂ) ਘਰ ਵਿਆਹ ਜੇਹੇ ਮਰਜ਼ੀ ਸੋਹਲੇ ਗਾ———ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਕਲਾਕਾਰ ਬੰਦੇ ਨੇ ਆਪਣੀ ਹੀ ਕਲਾ ਦੁਆਰਾ ਆਪਣੇ ਘਰ ਦੇ ਸਮਾਰੋਹ ਦੀ ਸ਼ਾਨ ਵਧਾਉਣੀ ਹੈ, ਵਾਧੂ ਖ਼ਰਚ ਕਰਕੇ ਹੋਰ ਕਲਾਕਾਰ ਮੰਗਾਉਣ ਦੀ ਉਹ ਨੂੰ ਭਲਾ ਕੀ ਲੋੜ ਹੈ।

ਭੰਡਾ ਭੰਡਾਰੀਆ ਕਿੰਨਾ ਕੁ ਭਾਰ? ਇਕ ਮੁੱਠ ਚੱਕ ਲੈ ਦੂਜੀ ਤਿਆਰ———ਜਦੋਂ ਕਿਸੇ ਬੰਦੇ ਦਾ ਇਕ ਮੁਸੀਬਤ ਤੋਂ ਤਾਂ ਮਸੀਂ ਖਹਿੜਾ ਛੁੱਟੇ ਪ੍ਰੰਤੂ ਨਾਲ਼ ਹੀ ਕੋਈ ਹੋਰ ਮੁਸੀਬਤ ਖੜੀ ਹੋ ਜਾਵੇ, ਉਦੋਂ ਇੰਜ ਆਖਦੇ ਹਨ।

ਭੰਨ ਘੜਾਈਆਂ ਡੰਡੀਆਂ (ਕੰਨਾਂ ਦਾ ਗਹਿਣਾ) ਪਰ ਬੂਥਾ ਓਹੀ———ਭਾਵ ਇਹ ਹੈ ਕਿ ਹਾਰ-ਸ਼ਿੰਗਾਰ ਕਰਨ ਨਾਲ ਬੰਦੇ ਦੀ ਨੁਹਾਰ ਨਹੀਂ ਬਦਲ ਜਾਂਦੀ, ਚਿਹਰਾ ਤਾਂ ਉਹੀ ਰਹਿੰਦਾ ਹੈ। ਜਾਂ ਜੇਕਰ ਕੋਈ ਰੁਸਿਆ ਹੋਇਆ ਬੰਦਾ ਆਪਣੀਆਂ ਸ਼ਰਤਾਂ ਮੰਨਵਾ ਕੇ ਵੀ ਬੂਥਾ ਸੁਜਾਈ ਰੱਖੇ, ਉਦੋਂ ਵੀ ਇਹ ਅਖਾਣ ਬੋਲਦੇ ਹਨ।

ਭਰ ਕੁਨਾਲਾ ਛਾਣਦੀ, ਫੱਗਣ ਨਹੀਂ ਸੀ ਜਾਣਦੀ———ਇਸ ਅਖਾਣ ਵਿੱਚ ਅਣਗਹਿਲੀ ਕਰਕੇ ਫ਼ਜ਼ੂਲ ਖ਼ਰਚੀ ਕਰਨ ਤੋਂ ਵਰਜਿਆ ਗਿਆ ਹੈ। ਆਮ ਤੌਰ 'ਤੇ ਫੱਗਣ-ਚੇਤ ਮਹੀਨਿਆਂ ’ਚ ਘਰਾਂ ਦੇ ਦਾਣੇ ਮੁੱਕਣ ਤੇ ਆਏ ਹੁੰਦੇ ਹਨ, ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ।

ਭਰਮ ਗਵਾਈਏ ਆਪਣਾ ਕੋਈ ਨਾ ਦੇਂਦਾ ਵੰਡ———ਭਾਵ ਇਹ ਹੈ ਕਿ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ, ਫ਼ਜ਼ੂਲ ਖ਼ਰਚੀ ਕਰਕੇ ਆਪਣੇ ਘਰ ਦਾ ਉਜਾੜਾ ਕਰਨਾ ਠੀਕ ਨਹੀਂ, ਕੋਈ ਕਿਸੇ ਨੂੰ ਵੰਡਕੇ ਨਹੀਂ ਦਿੰਦਾ।

ਭਰਾ ਦੇ ਪੱਜ ਖਾਈਏ, ਭਤੀਜੇ ਦੇ ਪੱਜ ਦੇਈਏ———ਇਸ ਅਖਾਣ ਵਿੱਚ ਭਰਾਵਾਂ ਨੂੰ ਭਰਾਵਾਂ ਨਾਲ ਸਾਂਝ ਭਿਆਲੀ ਬਣਾਈ ਰੱਖਣ ਲਈ ਉਪਦੇਸ਼ ਦਿੱਤਾ ਗਿਆ ਹੈ ਕਿ ਜੇਕਰ ਉਹ ਆਪਣੇ ਭਰਾ ਦੇ ਘਰੋਂ ਖਾਂਦੇ ਹਨ ਤਾਂ ਉਹਨਾਂ ਨੂੰ ਚਾਚੇ-ਤਾਏ ਬਣ ਕੇ

ਲੋਕ ਸਿਆਣਪਾਂ/135