ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਭਤੀਜੇ-ਭਤੀਜੀਆਂ ਨੂੰ ਵੀ ਆਪਣੇ ਪੱਲਿਓਂ ਕੁਝ ਨਾ ਕੁਝ ਦੇਣਾ ਚਾਹੀਦਾ ਹੈ।

ਭਰਾ ਭਰਾਵਾਂ ਦੇ ਢੋਡਰ ਕਾਵਾਂ ਦੇ———ਭਾਵ ਇਹ ਹੈ ਕਿ ਭਰਾਵਾਂ-ਭਰਾਵਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜੇਕਰ ਕਿਸੇ ਕਾਰਨ ਉਹਨਾਂ ਵਿੱਚ ਪ੍ਰੇੜ ਪੈ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

ਭਰਾਵਾਂ ਨਾਲ ਬਾਹਵਾਂ———ਇਸ ਅਖਾਣ ਵਿੱਚ ਭਰਾਵਾਂ ਭਰਾਵਾਂ ਦੇ ਏਕੇ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਭਰਾਵਾਂ ਵਰਗਾ ਏਕਾ ਕੋਈ ਹੋਰ ਨਹੀਂ ਹੁੰਦਾ।

ਭਰੀ ਭਕੁੰਨੀ ਚੁਪ ਚੁਪੀਤੀ, ਖੜਕੇ ਕੁੰਨੀ ਸੱਖਣੀ———ਇਸ ਅਖਾਣ ਦਾ ਭਾਵ ਇਹ ਹੈ ਕਿ ਬੁੱਧੀਵਾਨ ਤੇ ਗਹਿਰ ਗੰਭੀਰ ਬੰਦੇ ਕਦੀ ਵੀ ਹੋਛਾਪਨ ਨਹੀਂ ਦਿਖਾਉਂਦੇ ਪ੍ਰੰਤੂ ਘਟੀਆ ਸੋਚ ਵਾਲੇ ਮਨੁੱਖ ਸ਼ੇਖ਼ੀ-ਖੋਰੇ ਅਤੇ ਵਡਿਆਈ-ਝੋਰੇ ਹੁੰਦੇ ਹਨ। ਭਰੇ ਸਮੁੰਦਰੋਂ ਘੋਗਾ ਲੱਭਾ———ਜਦੋਂ ਕਿਸੇ ਨੂੰ ਬਹੁਤ ਭਾਰੀ ਲਾਭ ਦੀ ਆਸ ਹੋਵੇ ਪ੍ਰੰਤੂ ਪ੍ਰਾਪਤੀ ਬਹੁਤ ਥੋੜ੍ਹੀ ਹੋਵੇ, ਉਦੋਂ ਆਖਦੇ ਹਨ।

ਭਲੇ ਕੰਮ ਦਾ ਕੀ ਪੁੱਛਣਾ———ਭਾਵ ਇਹ ਹੈ ਕਿ ਕੋਈ ਚੰਗਾ ਤੇ ਭਲਾਈ ਦਾ ਕੰਮ ਕਰਨ ਲੱਗਿਆਂ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ, ਤੁਰੰਤ ਆਰੰਭ ਦੇਵੋ।

ਭਲੇ ਦੇ ਭਾਈ ਬੁਰੇ ਦੇ ਜਮਾਈ———ਭਾਵ ਇਹ ਹੈ ਕਿ ਚੰਗੇ ਨਾਲ ਚੰਗਾ ਸਲੂਕ ਕਰੋ ਤੇ ਮੰਦੇ ਬੰਦੇ ਨਾਲ ਬੁਰਾ ਬਣਕੇ ਟੱਕਰੋ ਤਾਂ ਜੋ ਮੁੜਕੇ ਬੁਰਾ ਕੰਮ ਨਾ ਕਰੇ।

ਭਲੇਮਾਣਸਾਂ ਦੀ ਮਿੱਟੀ ਖ਼ਰਾਬ———ਜਦੋਂ ਕੋਈ ਬੰਦਾ ਕਿਸੇ ਸ਼ਰੀਫ਼ ਆਦਮੀ ਨੂੰ ਉਸ ਦੀ ਭਲਾਮਾਣਸੀ ਕਰਕੇ ਤੰਗ ਪ੍ਰੇਸ਼ਾਨ ਕਰੇ, ਪ੍ਰੰਤੂ ਉਹ ਉਸ ਦਾ ਟਾਕਰਾ ਨਾ ਕਰੇ, ਉਦੋਂ ਇੰਜ ਆਖਦੇ ਹਨ।

ਭੜਭੂੰਜਿਆਂ ਦੀ ਕੁੜੀ ਕੇਸਰ ਦਾ ਟਿੱਕਾ———ਜਦੋਂ ਕੋਈ ਬੰਦਾ ਆਪਣੀ ਔਕਾਤ ਤੋਂ ਬਾਹਰਾ ਕੰਮ ਕਰੇ, ਉਦੋਂ ਇੰਜ ਬੋਲਦੇ ਹਨ।

ਭਾ ਨਾਲ ਭਰਾ ਕਾਹਦਾ———ਭਾਵ ਇਹ ਹੈ ਕਿ ਵਪਾਰ ਵਿੱਚ ਕਿਸੇ ਰਿਸ਼ਤੇਦਾਰੀ ਦਾ ਲਿਹਾਜ਼ ਨਹੀਂ ਕੀਤਾ ਜਾਂਦਾ, ਦੁਕਾਨਦਾਰ ਲਈ ਸਾਰੇ ਗਾਹਕ ਇਕੋ ਜਿਹੇ ਨੇ।

ਭਾਈ ਭਾ ਵਿਹੁਣੇ, ਭਤਰੀਜੇ ਤਰੀਜੇ-———ਦੋ ਭਰਾਵਾਂ ਵਿੱਚ ਆਪਸੀ ਪਿਆਰ ਨਾ ਰਹੇ ਤਾਂ ਅੱਗੋਂ ਭਤੀਜੇ ਵੀ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ।

ਭਾਈ ਮਰਨ ਤਾਂ ਪੈਂਦੀਆਂ ਭੱਜ ਬਾਹੀਂ———ਇਸ ਅਖਾਣ ਰਾਹੀਂ ਭਰਾਵਾਂ ਦੇ ਅਟੁੱਟ ਰਿਸ਼ਤੇ ਦੇ ਮਹੱਤਵ ਨੂੰ ਦਰਸਾਉਂਦਿਆਂ ਇਹ ਦੱਸਿਆ ਗਿਆ ਹੈ ਕਿ ਭਰਾ ਇਕ-ਦੂਜੇ ਲਈ ਬਾਹਵਾਂ ਹੁੰਦੀਆਂ ਹਨ। ਭਰਾ ਦਾ ਮਰ ਜਾਣਾ ਬਾਂਹ ਟੁੱਟਣ ਸਮਾਨ ਹੈ।

ਭਾਈਆਂ ਜਹੀ ਬਹਾਰ ਨਹੀਂ ਜੇ ਖਾਰ ਨਾ ਹੋਵੇ, ਮੀਹਾਂ ਜਹੀ ਬਹਾਰ ਨਹੀਂ ਜੇ ਗਾਰ ਨਾ ਹੋਵੇ, ਜੂਏ ਜਿਹਾ ਵਪਾਰ ਨਹੀਂ ਜੇ ਹਾਰ ਨਾ ਹੋਵੇ———ਭਾਵ ਸਪੱਸ਼ਟ ਹੈ। ਇਸ

ਲੋਕ ਸਿਆਣਪਾਂ/136