ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਖਾਣ ਰਾਹੀਂ ਭਰਾਵਾਂ, ਮੀਂਹ ਅਤੇ ਜੂਏ ਬਾਰੇ ਸਾਰਥਕ ਟਿੱਪਣੀ ਕੀਤੀ ਗਈ ਹੈ।

ਭਾਗਹੀਣ ਜੇ ਜੰਜੇ ਜਾਏ, ਰਸ ਬਹੇ ਜਾਂ ਮੁੱਖ ਖਾਏ———ਭਾਵ ਇਹ ਹੈ ਕਿ ਮਾੜੀ ਕਿਸਮਤ ਵਾਲਾ ਬੰਦਾ ਲਾਭ ਪ੍ਰਾਪਤ ਹੋਣ ਵਾਲੀ ਥਾਂ 'ਤੇ ਜਾ ਕੇ ਵੀ ਲਾਭ ਪ੍ਰਾਪਤ ਨਹੀਂ ਕਰ ਸਕਦਾ।

ਭਾਗ ਭਰੀ ਨੇ ਪੈਰ ਪਾਇਆ, ਤਖਤ ਹਜ਼ਾਰਾ ਉੱਜੜ ਆਇਆ———ਜਦੋਂ ਕਿਸੇ ਮਨਹੂਸ ਬੰਦੇ ਦੇ ਆਉਣ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭਾਗ ਦੇਖ ਕੇ ਨਹੀਂ ਲਗਦੇ———ਭਾਵ ਇਹ ਹੈ ਕਿ ਕਿਸੇ ਦੀ ਕਿਸਮਤ ਉਹਦਾ ਰੰਗ ਰੂਪ ਦੇਖ ਕੇ ਨਹੀਂ ਜਾਗਦੀ, ਸੁੱਤੇ ਸਿੱਧ ਹੀ ਭਾਗ ਜਾਗ ਪੈਂਦੇ ਹਨ।

ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਕੁੱਤੇ ਨੂੰ ਸ਼ਰਮ ਕਰਨੀ ਚਾਹੀਦੀ ਹੈ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦੇ ਆਪਣੇ ਕਿਸੇ ਦੋਸਤ, ਮਿੱਤਰ ਜਾਂ ਰਿਸ਼ਤੇਦਾਰ ਦੀ ਫ਼ਰਾਖ਼ਦਿਲੀ ਦਾ ਨਾਜਾਇਜ਼ ਲਾਭ ਉਠਾਵੇ।

ਭਾਦੋਂ ਦੇ ਵਿੱਚ ਵਰਖਾ ਹੋਵੇ, ਕਾਲ ਪਿਛੋਕੜ ਬਹਿਕੇ ਰੋਵੇ———ਭਾਵ ਇਹ ਹੈ ਕਿ ਜੇਕਰ ਭਾਦੋਂ ਮਹੀਨੇ ਵਿੱਚ ਚੰਗੀ ਬਾਰਿਸ਼ ਹੋ ਜਾਵੇ ਤਾਂ ਫ਼ਸਲ ਚੰਗਾ ਝਾੜ ਦਿੰਦੀ ਹੈ, ਜਿਸ ਕਰਕੇ ਅਕਾਲ ਪੈਣ ਦਾ ਕੋਈ ਖ਼ਤਰਾ ਨਹੀਂ ਹੁੰਦਾ।

ਭਾਦਰੋਂ ਬਦਰੰਗ, ਗੋਰਾ ਕਾਲਾ ਇੱਕੋ ਰੰਗ———ਭਾਵ ਇਹ ਹੈ ਕਿ ਭਾਦੋਂ ਮਹੀਨੇ ਵਿੱਚ ਹੁੰਮਸ ਹੋਣ ਕਾਰਨ ਸਭ ਦੇ ਰੰਗ ਇਕੋ ਜਿਹੇ ਹੋ ਜਾਂਦੇ ਹਨ।

ਭਾਬੀ ਦੀਆਂ ਪੂਣੀਆਂ ਦੇਵਰ ਦਲਾਲ———ਜਦੋਂ ਕੋਈ ਬੰਦਾ ਕਿਸੇ ਝਗੜੇ ਵਿੱਚ ਆਪਣਿਆਂ ਦਾ ਹੀ ਪੱਖ ਪੂਰੇ, ਉਦੋਂ ਆਖਦੇ ਹਨ।

ਭਾਰਾ ਛਾਬਾ ਨੀਵਾਂ ਹੁੰਦਾ ਹੈ———ਭਾਵ ਇਹ ਹੈ ਕਿ ਗੁਣਵਾਨ ਬੰਦਾ ਸਦਾ ਨਿਰਮਾਣ ਰਹਿੰਦਾ ਹੈ, ਕਦੀ ਹੰਕਾਰ ਨਹੀਂ ਕਰਦਾ। ਜਿਵੇਂ ਆਖਦੇ ਹਨ-"ਫ਼ਲ ਨੀਵਿਆਂ ਰੁੱਖਾਂ ਨੂੰ ਲਗਦੇ, ਸਿੰਬਲਾਂ ਤੂੰ ਮਾਣ ਨਾ ਕਰੀਂ (ਲੋਕ ਗੀਤ)।

ਭਾਵੇਂ ਕਿਹੋ ਜਿਹੈ ਰੰਗ ਤਾਂ ਬੈਂਗਣੀ ਚੜ੍ਹਨੈ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਵਾਰ-ਵਾਰ ਸਮਝਾਉਣ 'ਤੇ ਵੀ ਆਪਣੀ ਜ਼ਿੱਦ ਨਾ ਛੱਡੇ।

ਭੁੱਖੇ ਅੱਗੇ ਜੋਂ ਜਵਾਰ ਸਭ ਬਰਾਬਰ———ਭਾਵ ਇਹ ਹੈ ਕਿ ਗਰਜ਼ਮੰਦ ਆਦਮੀ ਆਪਣੀ ਲੋੜ ਨੂੰ ਮੁੱਖ ਰੱਖਦਿਆਂ ਕਿਸੇ ਚੀਜ਼ ਦੇ ਮਹਿੰਗੇ-ਸਸਤੇ ਹੋਣ ਬਾਰੇ ਨਹੀਂ ਸੋਚਦਾ ਝੱਟ ਲੈ ਲੈਂਦਾ ਹੈ।

ਭੁੱਖ ਨਾ ਪੁੱਛੇ ਸੁੱਚ ਭਿੱਟ, ਨਿਹੁੰ ਨਾ ਪੁੱਛੇ ਜਾਤ———ਇਸ ਅਖਾਣ ਦਾ ਭਾਵ ਇਹ ਹੈ ਕਿ ਲੋੜਵੰਦ ਬੰਦਾ ਲੋੜ ਵੇਲੇ ਚੀਜ਼ ਖ਼ਰੀਦਣ ਸਮੇਂ ਚੀਜ਼ ਦਾ ਚੰਗਾ-ਮਾੜਾ ਨਹੀਂ ਸੋਚਦਾ, ਨਾ ਹੀ ਪਿਆਰ ਪੈਣ ਸਮੇਂ ਕੋਈ ਇਕ-ਦੂਜੇ ਦੀ ਜਾਤ ਪੁੱਛਦਾ ਹੈ।

ਲੋਕ ਸਿਆਣਪਾਂ/ 137