ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉੱਡ ਭੰਵੀਰੀ ਸਾਵਣ ਆਇਆ——ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕੰਮ ਨੂੰ ਕਰਨ ਦਾ ਯੋਗ ਤੇ ਢੁੱਕਵਾਂ ਸਮਾਂ ਆ ਗਿਆ ਹੈ ਉਦੋਂ ਇਹ ਅਖਾਣ ਵਰਤਦੇ ਹਨ।

ਉਤਮ ਖੇਤੀ, ਮਧ ਵਿਉਪਾਰ, ਨਖਿਧ ਚਾਕਰੀ ਭੀਖ ਨਦਾਰ——ਇਸ ਅਖਾਣ ਵਿੱਚ ਤਿੰਨਾਂ ਪ੍ਰਮੁੱਖ ਕਿੱਤਿਆਂ ਦਾ ਟਾਕਰਾ ਕਰਕੇ ਦੱਸਿਆ ਗਿਆ ਹੈ ਖੇਤੀ ਦਾ ਧੰਦਾ ਸਭ ਤੋਂ ਚੰਗਾ ਹੈ, ਦੂਜੇ ਦਰਜੇ 'ਤੇ ਵਿਉਪਾਰ ਆਉਂਦਾ ਹੈ ਤੇ ਸਭ ਤੋਂ ਘਟੀਆ ਨੌਕਰੀ ਹੈ।

ਉੱਤਰ ਮੇਲੇ ਪੂਰਾ ਵਸਾਏ, ਦੱਖਣ ਵਸਦੇ ਨੂੰ ਵੰਜਾਏ, ਜੇ ਦੱਖਣ ਵਸਾਏ ਤਾਂ ਥਲ ਪਾਣੀ ਦਾ ਬਣਾਏ——ਇਸ ਅਖਾਣ ਵਿੱਚ ਬੱਦਲਾਂ ਉੱਤੇ ਹਵਾਵਾਂ ਦੇ ਅਸਰਾਂ ਦਾ ਵਰਨਣ ਕੀਤਾ ਗਿਆ ਹੈ ਜਿਵੇਂ ਕਿ ਉੱਤਰ ਦੀ ਹਵਾ ਬੱਦਲਾਂ ਨੂੰ ਇਕੱਠੇ ਕਰਦੀ ਹੈ ਤੇ ਪੁਰੇ ਦੀ ਹਵਾ ਬੱਦਲ ਬਰਸਾਉਂਦੀ ਹੈ। ਦੱਖਣ ਦੀ ਹਵਾ ਚੱਲਣ ਨਾਲ਼ ਵਰ੍ਹਦੇ ਬੱਦਲ ਉੱਡ ਜਾਂਦੇ ਹਨ ਪ੍ਰੰਤੂ ਜੇ ਦੱਖਣ ਦੀ ਹਵਾ ਨਾਲ ਬੱਦਲ ਵੱਸਣ ਲੱਗ ਜਾਣ ਤਾਂ ਬਹੁਤ ਵਰਖਾ ਹੁੰਦੀ ਹੈ।

ਉਤਾਵਲਾ ਸੋ ਬਾਵਲਾ——ਕਾਹਲ਼ੀ ਕਰਨ ਨਾਲ਼ ਕੰਮ ਵਿਗੜ ਜਾਂਦਾ ਹੈ। ਇਸ ਲਈ ਕੰਮ ਸਹਿਜ ਮਤੇ ਨਾਲ਼ ਕਰਨਾ ਯੋਗ ਹੈ।

ਉੱਤੋਂ ਬੀਬੀਆਂ ਦਾਹੜੀਆ ਵਿਚੋਂ ਕਾਲੇ ਕਾਂ——ਜਦੋਂ ਕਿਸੇ ਬੰਦੇ ਦਾ ਬਾਹਰਲਾ ਸਰੂਪ ਤਾਂ ਬਹੁਤ ਵਧੀਆ ਹੋਵੇ ਪ੍ਰੰਤੂ ਅਮਲ ਸਮੇਂ ਉਹ ਘਟੀਆ ਕੰਮ ਕਰੇ ਉਦੋਂ ਇਹ ਅਖਾਣ ਵਰਤਦੇ ਹਨ।

ਉਥੇ ਜਾਈਂ ਭਲਿਆ, ਜਿੱਥੇ ਪਿਉ ਤੇ ਦਾਦਾ ਚੱਲਿਆ——ਚੰਗੀ ਤੇ ਸਾਊ ਉਲਾਦ ਉਹ ਹੁੰਦੀ ਹੈ ਜਿਹੜੀ ਆਪਣੇ ਪਿਉ-ਦਾਦੇ ਦੇ ਪੂਰਨਿਆਂ 'ਤੇ ਚੱਲੇ।

ਉਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਵੇਂ ਪੱਖਾ ਝੱਲਣ ਨਾਲ਼ ਹਵਾ ਪ੍ਰਾਪਤ ਕੀਤੀ ਜਾ ਸਕਦੀ ਹੈ ਉਵੇਂ ਹੀ ਹਿੰਮਤ ਕਰਨ ਨਾਲ਼ ਧਨ ਪ੍ਰਾਪਤ ਹੋ ਸਕਦਾ ਹੈ।

ਉਧਰੋਂ ਸ਼ਿਕਾਰ ਉਠਿਆ ਤੇ ਕੁੱਤੀ ਨੂੰ ਮੂਤ ਆ ਗਿਆ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਯੋਗ ਸਮੇਂ ਤੇ ਕੰਮ ਨਾ ਕਰੇ ਤੇ ਲੋੜ ਸਮੇਂ ਕੰਮ ਨਾ ਆਵੇ।

ਉੱਧਲ ਗਈਆਂ ਨੂੰ ਦਾਜ ਕੌਣ ਦੇਂਦਾ ਹੈ——ਭਾਵ ਇਹ ਹੈ ਕਿ ਜਦੋਂ ਕੋਈ ਆਪਣੇ ਵਡੇਰਿਆਂ ਦੀ ਮਰਜ਼ੀ ਦੇ ਵਿਰੁੱਧ ਕੋਈ ਕਾਰਜ ਕਰਦਾ ਹੈ ਤਾਂ ਉਸ ਨੂੰ ਕੋਈ ਮਾਲੀ ਮਦਦ ਜਾਂ ਮੁਆਵਜ਼ਾ ਨਹੀਂ ਮਿਲਦਾ। ਨਾ ਹੀ ਉਸ ਨੂੰ ਕੋਈ ਅਧਿਕਾਰ ਮੰਗਣ ਦਾ ਹੱਕ ਰਹਿੰਦਾ ਹੈ।

ਉਧਾਰ ਦਏ ਦੋਵੇਂ ਗਏ——ਭਾਵ ਇਹ ਹੈ ਕਿ ਜਿਹੜਾ ਬੰਦਾ ਉਧਾਰ ਦੇਂਦਾ ਹੈ ਉਹ ਆਪਣਾ ਧੰਨ ਵੀ ਗੁਆ ਬਹਿੰਦਾ ਹੈ ਤੇ ਮਿੱਤਰਤਾ ਵੀ ਕਿਉਂਕਿ ਸਮੇਂ ਸਿਰ ਉਧਾਰ ਮੁੜਦਾ ਨਹੀਂ ਜਿਸ ਕਰਕੇ ਮਿੱਤਰਤਾ ਵਿੱਚ ਕੁੜੱਤਣ ਆ ਜਾਂਦੀ ਹੈ।

ਲੋਕ ਸਿਆਣਪਾਂ/12