ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੁੱਖ ਲੱਗੇ ਤੇ ਤੰਦੂਰ ਦੀ, ਪੇਟ ਭਰੇ ਦਾਂ ਦੂਰ ਦੀ———ਭਾਵ ਇਹ ਹੈ ਕਿ ਜਦੋਂ ਤੱਕ ਢਿੱਡ ਵਿੱਚ ਰੋਟੀਆਂ ਨਹੀਂ ਪੈਂਦੀਆਂ ਕੁਝ ਵੀ ਸੁਝਦਾ ਨਹੀਂ।

ਭੁੱਖ ਵਿੱਚ ਚਣੇ ਵੀ ਬਦਾਮ ਨੇ———ਭਾਵ ਇਹ ਹੈ ਕਿ ਲੋੜਵੰਦ ਬੰਦੇ ਨੂੰ ਮਿਲੀ ਘਟੀਆ ਚੀਜ਼ ਵੀ ਚੰਗੀ ਲੱਗਦੀ ਹੈ।

ਭੁੱਖਾ ਸੋ ਰੁੱਖਾ———ਜਦੋਂ ਇਹ ਦੱਸਣਾ ਹੋਵੇ ਕਿ ਭੁੱਖਾ ਬੰਦਾ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ, ਉਦੋਂ ਇਹ ਅਖਾਣ ਬੋਲਦੇ ਹਨ।

ਭੁੱਖਾ ਬਾਣੀਆਂ ਵਹੀਆਂ ਫੋਲੇ———ਭਾਵ ਇਹ ਹੈ ਕਿ ਜਦੋਂ ਬਾਣੀਏਂ ਦੀ ਆਰਥਿਕ ਹਾਲਤ ਪਤਲੀ ਪੈ ਜਾਵੇ ਤਾਂ ਉਹ ਵਹੀਆਂ ਫੋਲ ਕੇ ਵੇਖਣ ਲੱਗ ਜਾਂਦਾ ਹੈ ਕਿ ਉਸ ਨੇ ਕਿਨ੍ਹਾਂ ਲੋਕਾਂ ਪਾਸੋਂ ਪੈਸੇ ਲੈਣੇ ਹਨ।

ਭੁੱਖਾ ਜੱਟ ਮੂਲੀ ਖਾਏ, ਮੂਲੀ ਭੁੱਖ ਵਧੇਰੀ ਲਾਏ———ਜਦੋਂ ਕੋਈ ਬੰਦਾ ਆਪਣੀਆਂ ਮੁਸ਼ਕਲਾਂ ’ਤੇ ਕਾਬੂ ਪਾਉਣ ਲਈ ਕੁਝ ਯਤਨ ਕਰੇ ਪ੍ਰੰਤੂ ਉਹਨਾਂ ਯਤਨਾਂ ਸਦਕਾ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭੁੱਖਾ ਮਰੇ ਤਾਂ ਕੀ ਨਾ ਕਰੇ———ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਭੁੱਖ ਬੰਦੇ ਪਾਸੋਂ ਘਟੀਆ ਤੋਂ ਘਟੀਆ ਕੰਮ ਵੀ ਕਰਵਾ ਲੈਂਦੀ ਹੈ।

ਭੁੱਖਿਆਂ ਨੂੰ ਬੇਰ ਤੇ ਤਿਹਾਇਆਂ ਨੂੰ ਗੰਨੇ———ਜਦੋਂ ਕਿਸੇ ਅਸਲ ਚੀਜ਼ ਦੀ ਥਾਂ ਉਸ ਨਾਲੋਂ ਘਟੀਆ ਕਿਸਮ ਦੀ ਚੀਜ਼ ਨਾਲ ਕੰਮ ਸਾਰ ਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭੁੱਖੀ ਮਰੇ ਉੱਖਲੀ, ਹੁਬਕੇ ਲਵੇ ਛੱਜ———ਇਹ ਅਖਾਣ ਕਿਸੇ ਅਤਿ ਗ਼ਰੀਬ ਪਰਿਵਾਰ ਦੀ ਗ਼ਰੀਬੀ ਦੀ ਦਾਸਤਾਨ ਪੇਸ਼ ਕਰਦਾ ਹੈ।

ਭੁੱਖੇ ਅੱਗੇ ਬਾਤ ਪਾਈ, ਅਖੇ ਟੁੱਕ———ਭਾਵ ਇਹ ਹੈ ਕਿ ਲੋੜਵੰਦ ਬੰਦੇ ਨੂੰ ਤਾਂ ਹਰ ਵੇਲੇ ਆਪਣੀ ਲੋੜ ਦਾ ਹੀ ਖ਼ਿਆਲ ਰਹਿੰਦਾ ਹੈ।

ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ-ਪੀ ਆਫਰਿਆ———ਜਦੋਂ ਕਿਸੇ ਬੰਦੇ ਨੂੰ ਕੋਈ ਅਜਿਹੀ ਚੀਜ਼ ਅਚਾਨਕ ਮਿਲ ਜਾਵੇ, ਜਿਹੜੀ ਉਸ ਨੇ ਪਹਿਲਾਂ ਨਾ ਦੇਖੀ ਹੋਵੇ ਤੇ ਉਸ ਨੂੰ ਬਾਰ-ਬਾਰ ਵਰਤਦਿਆਂ ਫ਼ਾਇਦੇ ਦੀ ਥਾਂ ਨੁਕਸਾਨ ਉਠਾ ਬੈਠੇ, ਉਦੋਂ ਇੰਜ ਆਖਦੇ ਹਨ।

ਭੁੱਖੇ ਦੀ ਧੀ ਰੱਜੀ, ਖੇਤ ਉਜਾੜਨ ਲੱਗੀ———ਜਦੋਂ ਕਿਸੇ ਥੋੜ੍ਹ-ਚਿੱਤੇ ਬੰਦੇ ਨੂੰ ਬਹੁਤ ਸਾਰੀ ਦੌਲਤ ਮਿਲ ਜਾਵੇ ਤੇ ਉਹ ਅਤਿ ਚੁੱਕ ਕੇ ਮਾੜੀਆਂ ਕਰਤੂਤਾਂ ਕਰਨ ਲੱਗੇ, ਉਦੋਂ ਇਹ ਅਖਾਣ ਵਰਤਦੇ ਹਨ।

ਭੁੱਲ ਗਈ ਨਮਾਜ਼ ਮਾਰੀ ਵਕਤਾਂ ਦੀ———ਜਦੋਂ ਕੋਈ ਬੰਦਾ ਘਰ ਦੇ ਖਲਜਗਣਾਂ

ਲੋਕ ਸਿਆਣਪਾਂ/138