ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੇਡਾਂ ਤਾਂ ਵਿਗੜਨੀਆਂ ਸਨ ਲੇਲੇ ਵੀ ਵਿਗੜ ਗਏ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਵੱਡੇ ਬੰਦਿਆਂ ਦੀਆਂ ਮਾੜੀਆਂ ਕਰਤੂਤਾਂ ਨੂੰ ਦੇਖ ਕੇ ਛੋਟੇ ਬੰਦੇ ਵੀ ਉਹੋ ਜਿਹੀਆਂ ਹਰਕਤਾਂ ਕਰਨ ਲੱਗ ਜਾਣ।

ਭੈੜਾ ਕੁੱਤਾ ਖਸਮੇ ਗਾਲ਼———ਜਦੋਂ ਕੋਈ ਘਰ ਦਾ ਪੁੱਤ-ਧੀ ਬਾਹਰੋਂ ਬਦਨਾਮੀ ਖਟ ਕੇ ਆਵੇ ਜਾਂ ਉਲਾਂਭੇ ਲਿਆਵੇ, ਉਦੋਂ ਇੰਜ ਆਖਦੇ ਹਨ।

ਭੈੜਿਆਂ ਦੇ ਲੜ ਲੱਗੀ ਆਂ ਤੇ ਰੋ ਰੋ ਹੋਈ ਅੱਧੀ ਆਂ———ਜਦੋਂ ਕਿਸੇ ਮਾੜੇ ਬੰਦੇ ਨਾਲ ਸਾਂਝ ਭਿਆਲੀ ਪੈ ਜਾਵੇ ਤੇ ਉਹ ਦੁੱਖਾਂ ਤੇ ਮੁਸ਼ਕਿਲਾਂ ਦਾ ਕਾਰਨ ਬਣ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਭੈੜਿਆਂ ਦੇ ਯਾਰ ਚੰਦਰੇ ਨਾ ਘਰ ਬੂਹੇ ਨਾ ਜੰਦਰੇ———ਭਾਵ ਇਹ ਹੈ ਕਿ ਹਰ ਕੋਈ ਆਪਣੀ ਵਿੱਤ ਅਨੁਸਾਰ ਹੀ ਆਪਣੇ ਵਰਗੇ ਬੰਦਿਆਂ ਨਾਲ ਮਿੱਤਰਤਾ ਪਾਉਂਦਾ ਹੈ।

ਭੈੜੀ ਗਾਂ ਦੇ ਭੈੜੇ ਵੱਛੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਦੀ ਉਲਾਦ ਦਾ ਸੁਭਾਅ ਆਪਣੀ ਮਾਂ ’ਤੇ ਗਿਆ ਹੋਵੇ ਤੇ ਮਾਂ ਮਾੜੇ ਸੁਭਾਅ ਦੀ ਮਾਲਕ ਹੋਵੇ।

ਭੈੜੇ ਭੈੜੇ ਯਾਰ ਭੈੜੀ ਫੱਤੋ ਦੇ———ਜਦੋਂ ਕਿਸੇ ਮਾੜੇ ਬੰਦੇ ਦੇ ਯਾਰ ਬੇਲੀ ਵੀ ਉਹਦੇ ਵਰਗੇ ਮਾੜੇ ਚਾਲ ਚਲਣ ਵਾਲੇ ਹੋਣ, ਉਦੋਂ ਆਖਦੇ ਹਨ।

ਭੈੜੇ ਰੋਣ ਨਾਲੋਂ ਚੁੱਪ ਚੰਗੀ———ਭਾਵ ਇਹ ਹੈ ਕਿ ਮਾੜਾ ਕੰਮ ਕਰਨ ਨਾਲੋਂ ਨਾ ਕਰਨਾ ਚੰਗਾ ਹੈ।

ਮਹਿੰਗਾ ਰੋਵੇ ਇਕ ਵਾਰ ਸਸਤਾ ਰੋਵੇ ਵਾਰ ਵਾਰ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਹਿੰਗੀ ਖ਼ਰੀਦੀ ਵਸਤੂ ਆਮ ਤੌਰ 'ਤੇ ਚੰਗੀ ਨਿਕਲਦੀ ਹੈ ਅਤੇ ਸਸਤੀ ਚੀਜ਼ ਛੇਤੀ ਖ਼ਰਾਬ ਹੋ ਜਾਂਦੀ ਹੈ ਤੇ ਉਸ ’ਤੇ ਬਾਰ-ਬਾਰ ਖ਼ਰਚਾ ਕਰਨਾ ਪੈਂਦਾ ਹੈ, ਜਿਸ ਕਰਕੇ ਮਨ ਦੁਖੀ ਹੋ ਜਾਂਦਾ ਹੈ।

ਮੱਕ, ਇਕ ਖਾ ਦੂਜੀ ਤੱਕ, ਤੀਜੀ ਬੰਨ੍ਹੀ ਲੱਕ ਤਾਂ ਚੜ੍ਹੀਂ ਢੱਕ———ਇਸ ਅਖਾਣ ਵਿੱਚ ਮੱਕੀ ਦੀ ਰੋਟੀ ਦੇ ਬਾਰੇ ਦੱਸਿਆ ਗਿਆ ਹੈ ਕਿ ਮੱਕੀ ਦੀ ਰੋਟੀ ਤਵੇ ਉੱਤੇ ਹੌਲੀ-ਹੌਲੀ ਪਕਦੀ ਹੈ, ਜਿਸ ਕਰਕੇ ਰੋਟੀ ਖਾਣ ਵਾਲੇ ਨੂੰ ਦੂਜੀ ਰੋਟੀ ਦੀ ਉਡੀਕ ਕਰਨੀ ਪੈਂਦੀ ਹੈ। ਇਹ ਰੋਟੀ ਛੇਤੀ ਹਜ਼ਮ ਹੋ ਜਾਂਦੀ ਹੈ ਜੇਕਰ ਬਾਹਰ ਕਿਧਰੇ ਜਾਣਾ ਪਵੇ ਤਾਂ ਮੱਕੀ ਦੀ ਤੀਜੀ ਰੋਟੀ ਪੱਲ੍ਹੇ ਬੰਨ੍ਹ ਲੈਣੀ ਚਾਹੀਦੀ ਹੈ ਤਾਂ ਜੋ ਭੁੱਖ ਲੱਗਣ ’ਤੇ ਖਾਧੀ ਜਾ ਸਕੇ।

ਮੱਕਿਓਂ ਪਰ੍ਹਾਂ ਉਜਾੜ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਕਿਸੇ ਗੱਲ ਦੀ ਹੱਦ ਟੱਪ ਜਾਵੇ ਤੇ ਅੜਿਆ ਰਹੇ ਤੇ ਉਸ ਦੀ ਗੱਲ ਮੰਨਣ ਯੋਗ ਨਾ ਹੋਵੇ।

ਲੋਕ ਸਿਆਣਪਾਂ/140