ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਟਟੀਹਰੀ ਪਿਉ ਕੁਲੰਗ, ਬੱਚੇ ਨਿਕਲੇ ਰੰਗ ਬਰੰਗ———ਜਦੋਂ ਮਾਂ-ਪਿਉ ਦੇ ਵੱਖਰੇ-ਵੱਖਰੇ ਸੁਭਾਅ ਹੋਣ ਅਤੇ ਉਹਨਾਂ ਦੇ ਪੁੱਤਾਂ-ਧੀਆਂ ਦੇ ਸੁਭਾਅ ਵੀ ਨਾ ਮਿਲਦੇ ਹੋਣ, ਉਦੋਂ ਇਹ ਅਖਾਣ ਵਰਤਦੇ ਹਨ।

ਮਾਂ ਦਾ ਪੇਟ ਘੁਮਿਆਰਾਂ ਦਾ ਆਵਾ, ਕੋਈ ਕਾਲਾ ਕੋਈ ਚਿੱਟਾ———ਭਾਵ ਇਹ ਹੈ ਕਿ ਮਾਂ ਦੀ ਉਲਾਦ ਅਕਲੋਂ, ਸ਼ਕਲੋਂ ਤੇ ਸੁਭਾਅ ਵੱਲੋਂ ਇਕਸਾਰ ਨਹੀਂ ਹੁੰਦੀ।

ਮਾਂ ਦੀ ਸੌਂਕਣ ਧੀ ਦੀ ਸਹੇਲੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਘਰ ਦਾ ਬੰਦਾ ਅਜਿਹੇ ਬੰਦੇ ਨਾਲ ਦੋਸਤੀ ਰੱਖੇ ਜਿਸ ਦੀ ਭਾਵਨਾ ਘਰ ਬਾਰੇ ਮੰਦੀ ਹੋਵੇ।

ਮਾਂ ਨਾ ਭੈਣ ਕੌਣ ਕਹੇ ਵੈਣ———ਇਹ ਅਖਾਣ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਸ ਦਾ ਕੋਈ ਵੀ ਮਿੱਤਰ ਪਿਆਰਾ ਨਾ ਹੋਵੇ।

ਮਾਂ ਨਾਲੋਂ ਹੇਜਲੀ ਸੋ ਫਫੇ ਕੁੱਟਣ———ਜਦੋਂ ਕੋਈ ਓਪਰਾ ਬੰਦਾ ਆਪਣੇ ਸਕਿਆਂ ਨਾਲੋਂ ਵੀ ਵੱਧ ਪਿਆਰ ਦਾ ਦਿਖਾਵਾ ਕਰੇ, ਉਦੋਂ ਆਖਦੇ ਹਨ।

ਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਪਾਏ ਪਾਣੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਮਾਂ ਨਾਲੋਂ ਧੀ ਵਧੇਰੇ ਕੰਜੂਸ ਜਾਂ ਮੂਰਖ਼ ਹੈ।

ਮਾਂ ਪਿਉ ਦੀਆ ਗਾਲ੍ਹਾਂ, ਘਿਉ ਦੀਆਂ ਨਾਲਾਂ———ਇਸ ਅਖਾਣ ਵਿੱਚ ਮਾਂ-ਪਿਉ ਦੀਆਂ ਝਿੜਕਾਂ ਨੂੰ ਖਿੜੇ ਮੱਥੇ ਸਹਿਣ ਲਈ ਬੱਚਿਆਂ ਨੂੰ ਉਪਦੇਸ਼ ਦਿੱਤਾ ਗਿਆ ਹੈ।

ਮਾਂ ਫਿਰੇ ਫੋਸੀ ਫੋਸੀ ਨੂੰ ਪੁੱਤ ਗਹੀਰੇ ਮਣਸੇ———ਜਦੋਂ ਕੋਈ ਬੰਦਾ ਆਪਣੇ ਗਰੀਬ ਮਾਪਿਆਂ ਦੀ ਥੋੜ੍ਹੀ-ਥੋੜ੍ਹੀ ਮਿਹਨਤ ਕਰਕੇ ਜੋੜੀ ਪੂੰਜੀ ਨੂੰ ਫ਼ੋਕੀ ਸ਼ੇਖੀ ਮਾਰਕੇ ਉਜਾੜੇ, ਉਦੋਂ ਇੰਜ ਆਖਦੇ ਹਨ।

ਮਾਂ ਮੇਰੇ ਨਾਨਕੇ ਬੜੇ ਚੰਗੇ ਨੇ, ਪੁੱਤ ਪੇਕੇ ਮੇਰੇ ਈ ਐ———ਜਦੋਂ ਕੋਈ ਬੰਦਾ ਕਿਸੇ ਬੰਦੇ ਮੂਹਰੇ ਅਜਿਹੇ ਬੰਦੇ ਦਾ ਗੁਣ-ਗਾਨ ਕਰੇ ਜਿਸ ਦੇ ਮਾੜੇ ਪੱਖ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੋਵੇ, ਉਦੋਂ ਆਖਦੇ ਹਨ।

ਮਾਸੀ ਕਾਣੀਏਂ ਹੱਥ ਲੱਗਣ ਤਾਂ ਜਾਣੀਏਂ———ਜਦੋਂ ਕਿਸੇ ਬੰਦੇ ਦੇ ਕਰੜੇ ਸੁਭਾਅ ਬਾਰੇ ਕਿਸੇ ਦੂਜੇ ਨੂੰ ਭੁਲੇਖਾ ਲੱਗਾ ਹੋਵੇ, ਉਸ ਨੂੰ ਦੂਰ ਕਰਨ ਲਈ ਇੰਜ ਆਖਦੇ ਹਨ।

ਮਾਮਲਾ ਪਏ ਜਾਣੀਏਂ ਉਤੋਂ ਕੀ ਪਛਾਣੀਏਂ———ਭਾਵ ਸਪੱਸ਼ਟ ਹੈ ਕਿ ਕਿਸੇ ਨਾਲ ਵਾਹ ਪਏ ਤੇ ਹੀ ਉਸ ਦੇ ਸੁਭਾਅ ਦਾ ਪਤਾ ਲੱਗਦਾ ਹੈ। ਸ਼ਕਲ ਸੂਰਤੋਂ ਕਿਸੇ ਦੀ ਪਛਾਣ ਨਹੀਂ ਹੋ ਸਕਦੀ।

ਮਾਮੇ ਕੰਨੀਂ ਬੀਰ ਬਾਲੀਆਂ, ਭਾਣਜਾ ਆਕੜਿਆ ਫਿਰੇ———ਜਦੋਂ ਕੋਈ ਬੰਦਾ ਆਪਣੇ ਕਿਸੇ ਅਮੀਰ ਰਿਸ਼ਤੇਦਾਰ ਦੇ ਬਲਬੂਤੇ ’ਤੇ ਆਕੜਿਆ ਫਿਰੇ ਜਾਂ ਟੋਹਰਾਂ ਮਾਰੇ, ਉਦੋਂ ਆਖਦੇ ਹਨ।

ਲੋਕ ਸਿਆਣਪਾਂ/143