ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/146

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਾਰਨ ਵਾਲੇ ਛੁੱਟ ਗਏ ਤੇ ਪਿਛਲੇ ਫੜੇ ਗਏ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਦੋਸ਼ੀ ਤਾਂ ਸਾਫ਼ ਬਚ ਕੇ ਨਿਕਲ ਜਾਏ, ਪ੍ਰੰਤੂ ਬੇਦੋਸ਼ਾ ਬੰਦਾ ਫੜ ਲਿਆ ਜਾਵੇ।

ਮਾਰੀ ਅੱਖ ਤੇ ਫਰਕੇ ਗੋਡਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਥੋੜਦਿਲਾ ਬੰਦਾ ਮਾੜੇ ਮੋਟੇ ਦੁੱਖ ਨੂੰ ਵਧਾਅ-ਚੜਾਅ ਕੇ ਦੱਸੇ।

ਮਾਰੇ ਨਾਲੋਂ ਯਰਕਾਇਆ/ਭਜਾਇਆ ਚੰਗਾ———ਭਾਵ ਇਹ ਹੈ ਕਿ ਕਿਸੇ ਵੈਰੀ ਨੂੰ ਜਾਨੋ ਮਾਰਨ ਨਾਲੋਂ ਉਸ ਨੂੰ ਡਰਾ-ਧਮਕਾ ਕੇ ਭਜਾਉਣ ਵਿੱਚ ਹੀ ਰਾਜਨੀਤੀ ਹੈ।

ਮਾਰੇ ਨੀ ਭਿੱਤ ਚਾਏ ਨੀ ਚਿੱਤ, ਖ਼ੁਸ਼ ਰਹੁ ਗਵਾਂਢਣੇ ਲੜਦੀ ਸੈਂ ਨਿੱਤ———ਜਦੋਂ ਕੋਈ ਚੰਦਰੇ ਤੇ ਅਵੈੜੇ ਸੁਭਾਅ ਵਾਲੇ ਗੁਆਂਢੀ ਦਾ ਸਾਥ ਛੱਡਣ ਲੱਗੇ, ਉਦੋਂ ਇਹ ਅਖਾਣ ਬੋਲਦੇ ਹਨ।

ਮਾਲ ਤੇ ਜਗਾਤ ਹੁੰਦੀ ਹੈ———ਭਾਵ ਸਪੱਸ਼ਟ ਹੈ ਕਿ ਜਿੰਨਾ ਕਿਸੇ ਦਾ ਮਾਲ ਹੋਵੇਗਾ, ਓਨਾ ਹੀ ਉਸ ਨੂੰ ਟੈਕਸ ਭਰਨਾ ਪਵੇਗਾ।

ਮਾਵਾਂ ਧੀਆਂ ਰਿੱਧਾ ਭੱਤਾ, ਮਿੱਠਾ ਬੇਬੇ ਮਿੱਠਾ ਹੈ———ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੋ ਜਣੇ ਇਕ-ਦੂਜੇ ਦੀਆਂ ਸਿਫ਼ਤਾਂ ਕਰੀ ਜਾਣ ਜਾਂ ਇਕ-ਦੂਜੇ ਦੀਆਂ ਵਸਤਾਂ ਨੂੰ ਸਲਾਹੁਣ।

ਮਾੜਾ ਢੱਗਾ ਛੱਤੀ ਰੋਗ———ਕਿਸੇ ਕਮਜ਼ੋਰ ਤੇ ਮਾੜੇ ਬੰਦੇ ਨੂੰ ਦੇਖ ਕੇ ਲੋਕ ਅਕਸਰ ਇਹ ਅਖਾਣ ਬੋਲਦੇ ਹਨ ਜਾਂ ਕਮਜ਼ੋਰ ਬੰਦਾ ਵੀ ਆਪਣੇ ਆਪ ਲਈ ਇਹ ਅਖਾਣ ਵਰਤ ਲੈਂਦਾ ਹੈ।

ਮਾੜੇ ਸ਼ਾਹ ਦੀਆਂ ਮਨ ਵਿੱਚ ਖੇਪਾਂ, ਪੰਜੀਂ ਲਵਾਂ ਪੰਜਾਹੀਂ ਵੇਦਾਂ———ਇਸ ਅਖਾਣ ਰਾਹੀਂ ਕਿਸੇ ਮਾੜੇ ਸ਼ਾਹੂਕਾਰ ਦੀਆਂ ਮਨ ਬਚਨੀਆਂ ਨੂੰ ਜੋ ਸ਼ੇਖ਼ਚਿਲੀ ਵਾਲੇ ਸੁਪਨੇ ਲੈਂਦੀਆਂ ਹਨ, ਦਰਸਾਇਆ ਗਿਆ ਹੈ।

ਮਾੜੇ ਦੀ ਜੋਰੂ ਜਣੇ ਖਣੇ ਦੀ ਭਾਬੀ———ਭਾਵ ਇਹ ਹੈ ਕਿ ਗ਼ਰੀਬ ਅਤੇ ਕਮਜ਼ੋਰ ਬੰਦੇ ’ਤੇ ਹਰ ਕੋਈ ਆਪਣਾ ਅਧਿਕਾਰ ਜਤਾਉਂਦਾ ਹੈ।

ਮਿੱਠਾ ਮਿੱਠਾ ਹੱਪ, ਕੌੜਾ ਕੌੜਾ ਖੂਹ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਚੁਸਤ ਬੰਦਾ ਚੰਗੇ ਕੰਮ ਲਈ ਵਡਿਆਈ ਆਪ ਖਟ ਲਏ ਤੇ ਮਾੜੇ ਕੰਮ ਦਾ ਦੋਸ਼ ਦੂਜੇ 'ਤੇ ਮੜੇ ਜਾਂ ਕਿਸੇ ਚੀਜ਼ ਵਿੱਚੋਂ ਚੰਗਾ ਹਿੱਸਾ ਆਪ ਲੈ ਲਵੇ ਤੇ ਮਾੜਾ ਦੂਜੇ ਨੂੰ ਦੇ ਦੇਵੇ।

ਮਿਰਜ਼ਾ ਮਰ ਗਿਐ ਕਿ ਸਰੰਗੀ ਟੁਟਗੀ———ਜਦੋਂ ਇਹ ਦੱਸਣਾ ਹੋਵੇ ਕਿ ਗੱਲ ਅਜੇ ਮੁੱਕੀ ਨਹੀਂ ਚਾਲੂ ਹੈ ਜਾਂ ਮਾਮਲਾ ਨਿਪਟਿਆ ਨਹੀਂ, ਉਦੋਂ ਇਹ ਅਖਾਣ ਬੋਲਦੇ ਹਨ।

ਮਿਲਦਿਆਂ ਦੇ ਸਾਕ, ਵਾਂਹਦਿਆਂ ਦੀਆਂ ਜ਼ਮੀਨਾਂ ਤੇ ਵਸਦਿਆਂ ਦੇ ਘਰ———ਭਾਵ ਇਹ ਹੈ ਕਿ ਸਕੀਰੀਆਂ ਮਿਲਣ-ਗਿਲਣ ਨਾਲ਼ ਕਾਇਮ ਰਹਿੰਦੀਆਂ ਹਨ ਤੇ ਜ਼ਮੀਨਾਂ

ਲੋਕ ਸਿਆਣਪਾਂ/144