ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਗੱਲ਼੍ਹ ਤੇਰੇ ਹੱਥ———ਜਦੋਂ ਕੋਈ ਬੰਦਾ ਆਪਣੇ ਆਪ ਨੂੰ ਪੂਰਨ ਤੌਰ 'ਤੇ ਕਿਸੇ ਦੇ ਹਵਾਲੇ ਕਰ ਦਿੰਦਾ ਹੈ ਜਾਂ ਕਿਸੇ ਨੂੰ ਆਪਣਾ ਆਗੂ ਮੰਨ ਲੈਂਦਾ ਹੈ, ਉਦੋਂ ਆਖਦੇ ਹਨ।

ਮੇਲਾ ਮੇਲੀਆਂ ਦਾ ਜਾਂ ਪੈਸੇ ਧੇਲੀਆਂ ਦਾ———ਮੇਲੇ ਜਾਣ ਦਾ ਸੁਆਦ ਉਦੋਂ ਹੀ ਆਉਂਦਾ ਹੈ ਜੇ ਜੇਬ ਵਿੱਚ ਪੈਸੇ ਹੋਣ ਤੇ ਅੱਗੋਂ ਬੇਲੀ ਮਿੱਤਰ ਮਿਲ ਜਾਣ।

ਮੈਂ ਸ਼ਰਮਾਂਦੀ ਅੰਦਰ ਵੜੀ, ਮੂਰਖ਼ ਆਖੇ ਮੈਥੋਂ ਡਰੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਅੱਖੜ ਸੁਭਾਅ ਦਾ ਬੰਦਾ ਕਿਸੇ ਭਲੇਮਾਣਸ ਬੰਦੇ ਦੀ ਸ਼ਰਾਫ਼ਤ ਨੂੰ ਉਸ ਦੀ ਕਮਜ਼ੋਰੀ ਸਮਝਣ ਲੱਗ ਜਾਵੇ।

ਮੈਂ ਤੈਨੂੰ ਕਿਹੋ ਜਿਹਾ ਲਗਦਾਂ, ਅਖੇ ਆਪਣੇ ਦਿਲ ਕੋਲੋਂ ਪੁੱਛ———ਜਦੋਂ ਇਹ ਦੱਸਣਾ ਹੋਵੇ ਕਿ ਤੁਹਾਡੇ ਬਾਰੇ ਕਿਸੇ ਦੇ ਦਿਲ ਵਿੱਚ ਉਹੀ ਭਾਵਨਾ ਹੋਵੇਗੀ ਜਿਹੜੀ ਤੁਸੀਂ ਦੂਜੇ ਬੰਦੇ ਬਾਰੇ ਰਖਦੇ ਹੋ, ਉਦੋਂ ਇਹ ਅਖਾਣ ਬੋਲਦੇ ਹਨ।

ਮੈਂ ਨਾ ਜੰਮਦੀ ਤੈਨੂੰ ਕੀਹਨੇ ਵਿਆਹੁਣਾ ਸੀ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਕੜ ਕੇ ਇਹ ਆਖੇ ਕਿ ਮੇਰੇ ਬਿਨਾਂ ਫਲਾਣਾ ਕੰਮ ਹੋ ਹੀ ਨਹੀਂ ਸੀ ਸਕਣਾ, ਉਸ ਆਕੜਖ਼ਾਨ ਵਾਸਤੇ ਇਹ ਅਖਾਣ ਬੋਲਦੇ ਹਨ।

ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੂਗਾ ਪਾਣੀ———ਜਦੋਂ ਇਕੋ ਜਿਹੀ ਪੱਧਰ ਦੇ ਬੰਦੇ ਕੋਈ ਕੰਮ ਕਰਨ ਤੋਂ ਪਾਸਾ ਵੱਟਣ, ਉਦੋਂ ਇੰਜ ਆਖਦੇ ਹਨ।

ਮੋਇਆਂ ਲੱਗੇ ਕੰਢੇ ਜਿਉਂਦੇ ਲੱਗੇ ਧੰਦੇ———ਇਸ ਅਖਾਣ ਵਿੱਚ ਜਗ ਦੀ ਰੀਤ ਬਾਰੇ ਦੱਸਿਆ ਗਿਆ ਹੈ ਕਿ ਮਰੇ ਬੰਦੇ ਦੀਆਂ ਅੰਤਿਮ ਰੀਤਾਂ ਪੂਰੀਆਂ ਹੋਣ ਮਗਰੋਂ ਉਸ ਦੇ ਪਰਿਵਾਰ ਦੇ ਬੰਦੇ ਆਪਣੇ-ਆਪਣੇ ਧੰਦਿਆਂ ਵਿੱਚ ਜੁੱਟ ਜਾਂਦੇ ਹਨ।

ਮੋਈ ਤਾਂ ਜੇ ਸਾਹ ਨਾ ਆਇਆ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਫੜਾਂ ਮਾਰ ਕੇ ਇਹ ਆਖੇ ਕਿ ਜੇ ਮੈਨੂੰ ਨਾ ਰੋਕਦੇ ਤਾਂ ਮੈਂ ਆਹ ਕਰ ਦੇਣਾ ਸੀ, ਔਹ ਕਰ ਦੇਣਾ ਸੀ।

ਮੋਈ ਵੱਛੀ ਬਾਹਮਣਾਂ ਦੇ ਨਾਂ———ਜਦੋਂ ਕੋਈ ਬੰਦਾ ਕੋਈ ਅਜਿਹੀ ਚੀਜ਼ ਦੂਜੇ ਬੰਦੇ ਨੂੰ ਦੇ ਕੇ ਉਹਦੇ ਸਿਰ ਅਹਿਸਾਨ ਚਾੜੇ ਜੋ ਕਿਸੇ ਕੰਮ ਦੀ ਨਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਮੌਜਾਂ ਕਰਨ ਗੁਮਾਸ਼ਤੇ, ਧਾਹੀਂ ਮਾਰਨ ਸ਼ਾਹ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਅਣ-ਕਮਾਏ ਧੰਨ ਨੂੰ ਪ੍ਰਾਪਤ ਕਰਨ ਵਾਲੇ ਮੌਜਾਂ ਕਰਨ ਪ੍ਰੰਤੂ ਅਸਲ ਮਾਲਕ ਔਖ ਦੇ ਦਿਨ ਕੱਟ ਰਹੇ ਹੋਣ।

ਮੌਤ ਤੇ ਗਾਹਕ ਦਾ ਕੋਈ ਪਤਾ ਨਹੀਂ———ਆਮ ਤੌਰ ਤੇ ਦੁਕਾਨਦਾਰ ਆਪਣੀ ਦੁਕਾਨ ਤੋਂ ਉਰੇ-ਪਰੇ ਨਹੀਂ ਹੁੰਦੇ, ਪਤਾ ਨਹੀਂ ਕਿਹੜੇ ਵੇਲੇ ਕੋਈ ਗਾਹਕ ਆ ਜਾਵੇ। ਇਸੇ ਤਰ੍ਹਾਂ ਮੌਤ ਦਾ ਵੀ ਕੋਈ ਸਮਾਂ ਨਿਸ਼ਚਿਤ ਨਹੀਂ।

ਲੋਕ ਸਿਆਣਪਾਂ/147