ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਧਾਰ ਨਾ ਲੈ, ਕਾਹਦਾ ਭੈ——ਜਿਹੜੇ ਬੰਦੇ ਆਪਣੀ ਚਾਦਰ ਵੇਖ ਕੇ ਪੈਰ ਪਸਾਰਦੇ ਹਨ ਉਹ ਸੁਖੀ ਰਹਿੰਦੇ ਹਨ। ਉਧਾਰ ਨਾ ਲੈਣ ਵਾਲ਼ਿਆਂ ਨੂੰ ਕਿਸੇ ਵੀ ਕਿਸਮ ਦਾ ਡਰ ਨਹੀਂ ਰਹਿੰਦਾ।

ਉਧਾਰ ਲਿਆ ਤੇ ਮੱਥੇ ਲੱਗਣੋਂ ਗਿਆ——ਉਧਾਰ ਲੈਣ ਵਾਲਾ ਪੁਰਸ਼ ਜੇਕਰ ਉਧਾਰ ਮੋੜਨ ਦੇ ਸਮਰੱਥ ਨਾ ਹੋਵੇ ਤਾਂ ਉਹ ਉਧਾਰ ਦੇਣ ਵਾਲ਼ੇ ਦੇ ਮੱਥੇ ਲੱਗਣੋਂ ਵੀ ਝਿਜਕਦਾ ਹੈ।

ਉਨ ਦੀ ਚੋਲੀ, ਰੇਸ਼ਮ ਦਾ ਬਖੀਆ——ਘਟੀਆ ਤੇ ਵਧੀਆ ਚੀਜ਼ਾਂ ਦੇ ਸੁਮੇਲ ਨੂੰ ਵੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ।

ਉਪਰੋਂ ਡਿੱਗਾ ਸੰਭਲੇ ਪਰ ਨਜ਼ਰੋਂ ਡਿੱਗਾ ਨਾ ਸੰਭਲੇ——ਭਾਵ ਇਹ ਹੈ ਕਿ ਆਪਣੇ ਕਾਰੋਬਾਰ ਵਿੱਚ ਅਸਫ਼ਲ ਹੋਇਆ ਬੰਦਾ ਮੁੜ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ ਪ੍ਰੰਤੂ ਕਿਸੇ ਦੀਆਂ ਨਜ਼ਰਾਂ ਵਿੱਚ ਡਿੱਗਿਆ ਹੋਇਆ ਬੰਦਾ ਆਪਣਾ ਸਤਿਕਾਰ ਮੁੜਕੇ ਬਹਾਲ ਨਹੀਂ ਕਰ ਸਕਦਾ।

ਉਰਾਰ ਨਾ ਪਾਰ, ਲਟਕੇ ਵਿਚਕਾਰ——ਇਹ ਅਖਾਣ ਉਸ ਬੰਦੇ ਦੀ ਮਾਨਸਿਕ ਹਾਲਤ ਦਾ ਵਰਨਣ ਕਰਦਾ ਹੈ ਜੋ ਕੋਈ ਠੋਸ ਫ਼ੈਸਲਾ ਨਹੀਂ ਲੈ ਸਕਦਾ ਤੇ ਡਾਵਾਂ ਡੋਲ ਰਹਿੰਦਾ ਹੈ।

ਉਲਟਾ ਚੋਰ ਕੋਤਵਾਲ ਨੂੰ ਡਾਂਟੇ——ਜਦੋਂ ਕੋਈ ਦੋਸ਼ੀ ਦੋਸ਼ ਲਾਉਣ ਵਾਲੇ 'ਤੇ ਹੀ ਵਰ੍ਹ ਪਵੇ, ਉਦੋਂ ਇਹ ਅਖਾਣ ਵਰਤਦੇ ਹਨ।

ਉਲਟੀ ਗੰਗਾ ਪਹੋਏ ਨੂੰ——ਜਦੋਂ ਕੋਈ ਪੁਰਸ਼ ਸਮਾਜਿਕ ਰਹੁ-ਰੀਤਾਂ ਦੀ ਉਪੇਖਸ਼ਾ ਕਰਕੇ ਵਿਹਾਰ ਕਰੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਉਲਟੀ ਬਾੜ ਖੇਤ ਨੂੰ ਖਾਏ——ਜਦੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਾਲੇ ਹੀ ਲੋਕਾਂ ਨੂੰ ਲੁੱਟਣ ਲੱਗ ਜਾਣ ਉਦੋਂ ਇਹ ਅਖਾਣ ਵਰਤਦੇ ਹਨ।

ਉਲਟੇ ਬਾਂਸ ਬਰੇਲੀ ਨੂੰ——ਜਦੋਂ ਕੋਈ ਪੁਰਸ਼ ਸਮਾਜਿਕ ਰਹੁ-ਰੀਤਾਂ ਨੂੰ ਛਿੱਕੇ ਟੰਗ ਕੇ ਉਲਟੀ ਗਲ ਕਰੇ ਉਸ ਨੂੰ ਮੂਰਖ਼ ਸਿੱਧ ਕਰਨ ਲਈ ਇਹ ਅਖਾਣ ਵਰਤਦੇ ਹਨ।

ਉਲਟੇ ਬਾਂਹ ਸੁਲੱਖਣੀ, ਵਿੱਚੋਂ ਪੱਛੀ ਸੱਖਣੀ——ਜਦੋਂ ਕੋਈ ਬੰਦਾ ਉਪਰੋਂ ਉਪਰੋਂ ਬਹੁਤ ਕੰਮ ਕਰਨ ਦਾ ਵਿਖਾਵਾ ਕਰੇ ਪ੍ਰੰਤੂ ਅੰਦਰੋਂ ਡੱਕਾ ਦੂਹਰਾ ਨਾ ਕਰੇ ਉਦੋਂ ਕਹਿੰਦੇ ਹਨ।

ਊਠ ਆਪਣੇ ਆਪ ਨੂੰ ਉਦੋਂ ਸਮਝਦੈ ਜਦੋਂ ਪਹਾੜ ਥੱਲ੍ਹੇ ਖੜੋਵੇ——ਆਪਣੀ ਹੈਸੀਅਤ, ਗੁਣਾਂ, ਧਨ, ਦੌਲਤ ਅਤੇ ਰੂਪ ਦਾ ਉਦੋਂ ਸਹੀ ਪਤਾ ਲੱਗਦੈ ਜਦੋਂ ਤੁਹਾਡੇ ਤੋਂ ਵਧ ਗੁਣਵਾਨ, ਰੂਪਵੰਤ ਅਤੇ ਧੰਨਵਾਨ ਨਾਲ ਟਾਕਰਾ ਹੋ ਜਾਵੇ।

ਊਠ ਅੜਾਉਂਦੇ ਹੀ ਲੱਦੀ ਦੇ ਨੇ——ਇਹ ਅਖਾਣ ਉਹਨਾਂ ਬੰਦਿਆਂ ਲਈ ਵਰਤਿਆ ਜਾਂਦਾ ਹੈ ਜਿਹੜੇ ਸਖ਼ਤੀ ਕੀਤੇ ਬਿਨਾਂ ਕੰਮ ਨਹੀਂ ਕਰਦੇ।

ਲੋਕ ਸਿਆਣਪਾਂ/13