ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੀ ਖਹੀ ਦਾ ਪੱਤਣ ਮੇਲਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਵਿਛੜੇ ਹੋਏ ਮਿੱਤਰ ਕਿਸੇ ਥਾਂ ਅਚਾਨਕ ਹੀ ਇਕੱਠੇ ਹੋ ਜਾਣ।

ਰਖ ਦੇਹ ਖਾਹ ਖੇਹ, ਡੋਲ੍ਹ ਰੱਤ ਖਾ ਭੱਤ———ਇਸ ਅਖਾਣ ਰਾਹੀਂ ਅਟੱਲ ਸੱਚਾਈ ਬਿਆਨ ਕੀਤੀ ਗਈ ਹੈ ਕਿ ਮਿਹਨਤ ਕਰਨ ਵਾਲ਼ੇ ਸਦਾ ਰੱਜ ਕੇ ਖਾਂਦੇ ਹਨ, ਜਿਹੜੇ ਬੰਦੇ ਮਿਹਨਤ ਨਹੀਂ ਕਰਦੇ ਉਹ ਭੁੱਖੇ ਮਰਦੇ ਹਨ। ਆਲਸੀ ਬੰਦਿਆਂ ਦੀ ਕਿਧਰੇ ਕਦਰ ਨਹੀਂ ਪੈਂਦੀ।

ਰੱਖੀ ਨਹੀਂ ਖ਼ੁਦਾ ਨਾਲ, ਮਰਨਾ ਨਹੀਂ ਕਜ਼ਾ ਨਾਲ਼———ਇਹ ਅਖਾਣ ਉਸ ਹੈਂਕੜਬਾਜ਼ ਬੰਦੇ ਬਾਰੇ ਵਰਤਿਆ ਜਾਂਦਾ ਹੈ ਜਿਹੜਾ ਕਿਸੇ ਨਾਲ ਬਣਾ ਕੇ ਨਹੀਂ ਰੱਖਦਾ, ਜਿਸ ਕਰਕੇ ਔਖੇ ਸਮੇਂ ਉਹਦੀ ਕੋਈ ਸਹਾਇਤਾ ਨਹੀਂ ਕਰਦਾ।

ਰੱਖੇ ਰੱਬ ਤੇ ਮਾਰੇ ਕੌਣ———ਭਾਵ ਸਪੱਸ਼ਟ ਹੈ ਕਿ ਜਿਸ ਬੰਦੇ ਨੂੰ ਰੱਬ ਦਾ ਆਸਰਾ ਹੋਵੇ, ਉਹਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ।

ਰੱਜ ਨੂੰ ਚੱਜ ਆ ਜਾਂਦਾ ਹੈ———ਜਿਸ ਬੰਦੇ ਨੂੰ ਖਾਣ-ਪੀਣ ਨੂੰ ਚੰਗਾ ਚੋਖਾ ਮਿਲੇ ਉਸ ਨੂੰ ਹਰ ਪ੍ਰਕਾਰ ਦਾ ਸਲੀਕਾ ਆ ਜਾਂਦਾ ਹੈ।

ਰੱਜਿਆ ਹੋਇਆ ਢਿੱਡ ਫ਼ਾਰਸੀਆਂ ਬੋਲਦਾ ਹੈ———ਜਦੋਂ ਕੋਈ ਗ਼ਰੀਬੀ ਤੋਂ ਅਮੀਰ ਬਣਿਆਂ ਹੋਇਆ ਬੰਦਾ ਆਕੜ-ਆਕੜ ਬੋਲੇ ਤੇ ਅਮੀਰੀ ਦਾ ਘੁਮੰਡ ਦਿਖਾਵੇ, ਉਦੋਂ ਆਖਦੇ ਹਨ।

ਰੱਜਿਆ ਜੱਟ ਕਰੇ ਕੁਲੱਲ, ਰੱਜੀ ਮਹਿੰ ਨਾ ਖਾਏ ਖਲ਼———ਭਾਵ ਇਹ ਹੈ ਕਿ ਖਾਂਦੇ-ਪੀਂਦੇ ਘਰਾਂ ਦੇ ਗੱਭਰੂ ਹੀ ਖ਼ਰਮਸਤੀਆਂ ਕਰਦੇ ਹਨ, ਗ਼ਰੀਬਾਂ ਨੂੰ ਤਾਂ ਆਪਣੀ ਰੋਟੀ ਰੋਜ਼ੀ ਦਾ ਹੀ ਫ਼ਿਕਰ ਲੱਗਿਆ ਰਹਿੰਦਾ ਹੈ।

ਰੱਜਿਆ ਰਾਜਪੂਤ ਤੇ ਭੁੱਖਾ ਰੰਘੜ———ਜਦੋਂ ਕੋਈ ਅਮੀਰ ਰਾਜਪੂਤ ਤੇ ਕੰਗਾਲ ਰੰਘੜ ਕਿਸੇ ਨੂੰ ਦੁੱਖ ਦੇਵੇ, ਉਦੋਂ ਇਹ ਅਖਾਣ ਵਰਤਦੇ ਹਨ।

ਰੱਜੀ ਮਹਿੰ ਵਿਘੇ ਦਾ ਉਜਾੜਾ———ਜਦੋਂ ਕੋਈ ਰੱਜਿਆ ਹੋਇਆ ਪਸ਼ੂ ਥੋੜ੍ਹਾ ਖਾਣ ਦੀ ਥਾਂ ਬਹੁਤਾ ਨੁਕਸਾਨ ਕਰੇ, ਉਦੋਂ ਆਖਦੇ ਹਨ।

ਰੱਜੇ ਘਰ ਦਾ ਕੁੱਤਾ ਭੁੱਖਾ———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਖਾਂਦੇ-ਪੀਂਦੇ ਪਰਿਵਾਰ ਦਾ ਕੋਈ ਵਿਅਕਤੀ ਕਿਸੇ ਮਹਿਫ਼ਲ ਵਿੱਚ ਜਾ ਕੇ ਭੁੱਖ ਜ਼ਾਹਿਰ ਕਰੇ।

ਰੰਡਾ ਚਲਿਆ ਕੁੜਮਾਈ, ਆਪਣੀ ਕਰੇ ਕਿ ਪਰਾਈ———ਭਾਵ ਇਹ ਹੈ ਕਿ ਜਦੋਂ ਕੋਈ ਆਪ ਕਿਸੇ ਚੀਜ਼ ਦਾ ਲੋੜਵੰਦ ਬੰਦਾ ਚੀਜ਼ ਮਿਲਣ 'ਤੇ ਆਪਣਾ ਹੀ ਗੁਜ਼ਾਰਾ ਕਰਨ ਜੋਗਾ ਹੋਵੇ, ਉਹ ਕਿਸੇ ਹੋਰ ਨੂੰ ਉਸ ਚੀਜ਼ ਵਿੱਚ ਕਿਵੇਂ ਭਾਈਵਾਲ ਬਣਾ ਸਕਦਾ ਹੈ।

ਲੋਕ ਸਿਆਣਪਾਂ/149