ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਲ਼ਿਆ ਨਹੀਂ ਮੇਰਾ, ਮੂੰਹ ਕਾਲ਼ਾ ਹੋਇਆ ਤੇਰਾ———ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਜੀਵਨ ਦੇ ਵਿਹਾਰ ਵਿੱਚ ਦੋ ਧਿਰਾਂ ਦੀ ਸਾਂਝ ਟੁੱਟ ਜਾਵੇ ਤੇ ਦੂਜੀ ਧਿਰ ਦੇ ਮੱਥੇ ਸਾਂਝ ਟੁੱਟਣ ਕਾਰਨ ਬਦਨਾਮੀ ਦਾ ਧੱਬਾ ਲੱਗੇ, ਪਹਿਲੀ ਧਿਰ ਵਾਲੇ ਅਕਸਰ ਇਹ ਅਖਾਣ ਬੋਲਦੇ ਹਨ।

ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੀਏ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਕਿਸੇ ਬੰਦੇ ਦੇ ਸੁਭਾਅ ਤੇ ਕਿਰਦਾਰ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਸ ਨਾਲ ਵਰਤੋਂ ਵਿਹਾਰ ਕੀਤੀ ਜਾਵੇ।

ਰਾਹ ਵਿੱਚ ਹੱਗੇ ਨਾਲ਼ੇ ਆਨੇ ਕਢੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਗ਼ਲਤੀ ਕਰਕੇ ਉਪਰੋਂ ਰੋਹਬ ਜਮਾਵੇ।

ਰਾਕੀ ਨੂੰ ਸੈਨਤ ਗਧੇ ਨੂੰ ਸੋਟਾ———ਭਾਵ ਇਹ ਹੈ ਕਿ ਸਿਆਣਾ ਬੰਦਾ ਇਸ਼ਾਰੇ ਨਾਲ਼ ਗੱਲ ਸਮਝ ਲੈਂਦਾ ਹੈ, ਪ੍ਰੰਤੂ ਮੂਰਖ਼ ਆਦਮੀ ਸਖ਼ਤੀ ਕਰਨ ਨਾਲ ਹੀ ਸਮਝ ਪਾਉਂਦਾ ਹੈ।

ਰਾਜ ਪਿਆਰੇ ਰਾਜਿਆਂ, ਵੀਰ ਦੁਪਿਆਰੇ———ਇਸ ਅਖਾਣ ਦਾ ਭਾਵ ਇਹ ਹੈ ਕਿ ਦੌਲਤ ਅਤੇ ਸੱਤਾ ਦੇ ਨਸ਼ੇ ਵਿੱਚ ਆ ਕੇ ਭਰਾ ਵੀ ਆਪਣੇ ਭਰਾਵਾਂ ਨੂੰ ਭੁੱਲ ਜਾਂਦੇ ਹਨ।

ਰਾਜਿਆਂ ਦੇ ਘਰ ਮੋਤੀਆਂ ਦਾ ਕਾਲ਼———ਇਹ ਅਖਾਣ ਕਿਸੇ ਧਨ-ਦੌਲਤ ਵਾਲੇ ਪਾਸੋਂ ਕੁਝ ਪ੍ਰਾਪਤ ਕਰਨ ਲਈ, ਉਸ ਦੀ ਖ਼ੁਸ਼ਾਮਦ ਵਿੱਚ ਬੋਲਿਆ ਜਾਂਦਾ ਹੈ।

ਰਾਣੀ ਆਪਣੇ ਪੈਰ ਧੋਦੀ ਗੋਲੀ ਨਹੀਂ ਅਖਵਾਉਂਦੀ———ਇਸ ਅਖਾਣ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਘਰ ਦਾ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਹੁੰਦੀ, ਹਰ ਕਿਸੇ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ।

ਰਾਣੀ ਦੀ ਜੂਠ, ਗੋਲੀ ਦਾ ਰੱਜ———ਭਾਵ ਇਹ ਹੈ ਕਿ ਕਿਸੇ ਧੰਨਵਾਨ ਵੱਲੋਂ ਕਿਸੇ ਗ਼ਰੀਬ ਨੂੰ ਦਿੱਤੀ ਗਈ ਸਧਾਰਨ ਵਸਤੂ ਵੀ ਉਹਦੇ ਕਈ ਕੰਮ ਸਾਰ ਦਿੰਦੀ ਹੈ।

ਰਾਮ ਨਾਮ ਸੱਤ ਹੈ, ਜਿੱਚਰ ਮੁਰਦਾ ਹੱਥ ਹੈ———ਇਹ ਅਖਾਣ ਦਰਸਾਉਂਦਾ ਹੈ ਕਿ ਲੋਕ ਉਨੀ ਦੇਰ ਰੱਬ ਨੂੰ ਯਾਦ ਰੱਖਦੇ ਹਨ ਜਿੰਨੀ ਦੇਰ ਮੁਸੀਬਤ ਵਿੱਚ ਫਸੇ ਹੋਣ। ਸੁਖੀ ਹੋ ਕੇ ਕੋਈ ਰੱਬ ਨੂੰ ਯਾਦ ਨਹੀਂ ਕਰਦਾ।

ਰਾਮ ਨਾਮ ਜਪਣਾ, ਪਰਾਇਆ ਮਾਲ ਆਪਣਾ———ਇਹ ਅਖਾਣ ਉਸ ਚਲਾਕ ਤੇ ਧੋਖੇਬਾਜ਼ ਬੰਦੇ ਬਾਰੇ ਵਰਤਦੇ ਹਨ ਜਿਹੜਾ ਉਪਰੋਂ-ਉਪਰੋਂ ਸਾਊਆਂ ਵਾਲਾ ਭੇਸ ਧਾਰ ਕੇ ਰੱਖੇ ਪਰ ਅੰਦਰੋਂ ਮਾੜੀਆਂ ਕਰਤੂਤਾਂ ਕਰੇ।

ਰੀਸਾਂ ਕਰੇਂ ਝਨਾਂ ਦੀਆਂ ਤੂੰ ਰਾਵੀ ਤੁਲ ਵੀ ਨਾਂਹ———ਇਹ ਅਖਾਣ ਉਸ ਹੋਛੇ ਤੇ ਘਟੀਆ ਦਰਜੇ ਦੇ ਬੰਦੇ ਬਾਰੇ ਬੋਲਿਆ ਜਾਂਦਾ ਹੈ ਜਿਹੜਾ ਆਪਣੀ ਹੈਸੀਅਤ ਤੋਂ ਬਹੁਤ ਵੱਡਾ ਬੰਦਾ ਬਣ ਕੇ ਦਿਖਾਵੇ।

ਲੋਕ ਸਿਆਣਪਾਂ/152