ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਛ ਪਾਇਆ ਬੁਰਕੇ, ਨਾਲ਼ੇ ਖੰਘੇ ਨਾਲ਼ੇ ਘੁਰਕੇ———ਇਹ ਅਖਾਣ ਉਹਨਾਂ ਘੁੰਡ ਕੱਢਣ ਵਾਲੀਆਂ ਉਜੱਡ ਤੀਵੀਆਂ ਬਾਰੇ ਬੋਲਿਆ ਜਾਂਦਾ ਹੈ ਜਿਨ੍ਹਾਂ ਨੂੰ ਬੋਲਣ ਦੀ ਤਮੀਜ਼ ਨਹੀਂ ਹੁੰਦੀ।

ਰੁੱਝਾ ਰਹੁ ਭਾਵੇਂ ਭੁੱਖਾ ਰਹੁ———ਇਹ ਅਖਾਣ ਆਲਸੀ ਤੇ ਵਿਹਲੇ ਬੰਦਿਆਂ ਨੂੰ ਕਿਸੇ ਅਹਾਰ ਵਿੱਚ ਲੱਗਣ ਦੀ ਪ੍ਰੇਰਣਾ ਦੇਣ ਲਈ ਬੋਲਿਆ ਜਾਂਦਾ ਹੈ।

ਰੁੱਠਾ ਮੰਨੇ, ਪਾਸੇ ਭੰਨੇ———ਜਦੋਂ ਕੋਈ ਰੁੱਸਿਆ ਹੋਇਆ ਬੰਦਾ ਮਨਾਏ ਜਾਣ ਮਗਰੋਂ ਤੰਗ ਪ੍ਰੇਸ਼ਾਨ ਕਰਨ ਲੱਗੇ, ਉਦੋਂ ਆਖਦੇ ਹਨ।

ਰੁਪਈਏ ਦੀ ਵਡਿਆਈ, ਆ ਬਹੁ ਭਾਈ———ਇਹ ਅਖਾਣ ਇਹ ਦਰਸਾਉਂਦਾ ਹੈ ਕਿ ਇਸ ਸਮਾਜ ਵਿੱਚ ਕਿਸੇ ਬੰਦਾ ਦਾ ਆਦਰ-ਮਾਣ ਕੇਵਲ ਉਹਦੀ ਧਨ-ਦੌਲਤ ਕਰਕੇ ਹੀ ਹੁੰਦਾ ਹੈ।

ਰੋਏ ਤੋਂ ਬਿਨਾਂ ਮਾਂ ਦੁੱਧ ਨਹੀਂ ਦੇਂਦੀ———ਭਾਵ ਇਹ ਹੈ ਕਿ ਹਰ ਕਿਸੇ ਨੂੰ ਆਪਣੇ ਹੱਕ ਦੀ ਪ੍ਰਾਪਤੀ ਲਈ ਰੌਲਾ-ਰੱਪਾ ਪਾਉਣਾ ਹੀ ਪੈਂਦਾ ਹੈ।

ਰੰਗਣ ਗਈ ਤੇ ਭੋਗਣ ਆਈ———ਜਦੋਂ ਕੋਈ ਮਨੁੱਖ ਇਕ ਦੁਖ ਤੋਂ ਛੁੱਟ ਕੇ ਦੂਜੇ ਦੇ ਕਾਬੂ ਆ ਜਾਵੇ, ਉਦੋਂ ਕਹਿੰਦੇ ਹਨ।

ਰੋਗੀ ਦੇ ਭਾਣੇ ਸਭ ਰੋਗੀ———ਇਹ ਅਖਾਣ ਸਪੱਸ਼ਟ ਹੈ ਕਿ ਬੀਮਾਰ ਬੰਦੇ ਨੂੰ ਸਾਰੇ ਬੰਦੇ ਬੀਮਾਰ ਹੀ ਨਜ਼ਰ ਆਉਂਦੇ ਹਨ।

ਰੋਟੀ ਖਾਈਏ ਸ਼ੱਕਰ ਨਾਲ, ਦੁਨੀਆਂ ਲੁਟੀਏ ਮਕਰ ਨਾਲ———ਕਿਸੇ ਫ਼ਰੇਬੀ ਤੇ ਚਲਾਕ ਬੰਦੇ ਨੂੰ ਚਲਾਕੀ ਵਾਲੀਆਂ ਚਾਲਾਂ ਚਲਦਿਆਂ ਦੇਖ ਕੇ ਇੰਜ ਆਖਦੇ ਹਨ।

ਰੋਟੀ ਚੌਪੜੀ ਤੇ ਵਣਜ ਰੁੱਖਾ———ਇਹ ਅਖਾਣ ਆਮ ਤੌਰ 'ਤੇ ਵਪਾਰੀ ਲੋਕ ਵਰਤਦੇ ਹੋਏ ਆਖਦੇ ਹਨ ਕਿ ਵਪਾਰ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੁੰਦਾ।

ਰੋਟੀ ਲੰਗਰੋਂ, ਘਾਹ ਘਾਇੜਿਉਂ———ਜਦੋਂ ਕੋਈ ਬੇਕਾਰ ਬੰਦਾ ਆਪਣਾ ਗੁਜ਼ਾਰਾ ਮੰਗ ਤੁੰਗ ਕੇ ਤੋਰਦਾ ਹੋਵੇ, ਉਦੋਂ ਆਖਦੇ ਹਨ।

ਰੋਟੀਆਂ ਕਾਰਨ ਪੂਰੇ ਤਾਲ———ਇਸ ਮਹਾਂਵਾਕ ਵਿੱਚ ਇਹ ਦਰਸਾਇਆ ਗਿਆ ਹੈ ਕਿ ਮਨੁੱਖ ਨੂੰ ਆਪਣਾ ਪੇਟ ਪਾਲਣ ਲਈ ਅਨੇਕਾਂ ਪ੍ਰਕਾਰ ਦੇ ਵੇਲਣ ਵੇਲਣੇ ਪੈਂਦੇ ਹਨ।

ਰੋਂਦਾ ਕਿਉਂ ਐਂ, ਸ਼ਕਲ ਹੀ ਐਸੀ ਹੈ———ਇਹ ਅਖਾਣ ਕਿਸੇ ਰੋਣੀ ਸੂਰਤ ਵਾਲੇ ਬੰਦੇ ਨੂੰ ਵੇਖ ਕੇ ਉਸ ਨੂੰ ਸ਼ਰਮਿੰਦਾ ਕਰਨ ਲਈ ਬੋਲਦੇ ਹਨ।

ਰੋਂਦੀ ਘੋੜੀ ਚਾੜ੍ਹੀਏ, ਹੱਗ ਭਰੇ ਪਲਾਣ———ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਅਸੀਂ ਕਿਸੇ ਬੰਦੇ ਤੋਂ ਉਸ ਨੂੰ ਮਜ਼ਬੂਰ ਕਰਕੇ ਕੰਮ ਕਰਵਾਉਂਦੇ ਹਾਂ ਤਾਂ ਉਹ ਹਰ ਹਾਲਤ ਵਿੱਚ ਕੰਮ ਵਿਗਾੜ ਦੇਂਦਾ ਹੈ।

ਲੋਕ ਸਿਆਣਪਾਂ/153