ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਊਠਾਂ ਵਾਲ਼ਿਆਂ ਨਾਲ਼ ਯਾਰੀ ਤੇ ਦਰ ਨੀਵੇਂ——ਜਦੋਂ ਕੋਈ ਸਧਾਰਨ ਵਸੀਲਿਆਂ ਵਾਲਾ ਬੰਦਾ ਕਿਸੇ ਧਨਾਢ ਬੰਦੇ ਨਾਲ਼ ਰਿਸ਼ਤੇਦਾਰੀ ਜਾਂ ਦੋਸਤੀ ਪਾ ਲਵੇ ਪੰਤੁ ਖ਼ਰਚ ਕਰਨ ਲੱਗਿਆਂ ਸੰਕੋਚ ਕਰੇ, ਉਦੋਂ ਇਹ ਅਖਾਣ ਵਰਤਦੇ ਹਨ।

ਊਣਾਂ ਭਾਂਡਾ ਈ ਉਛਲਦੈ——ਭਾਵ ਇਹ ਘਟੀਆ ਤੇ ਮਾੜੇ ਜਿਗਰੇ ਵਾਲਾ ਬੰਦਾ ਹੀ ਫ਼ੂੰ ਫ਼ਾਂ ਵਖਾਉਂਦਾ ਏ-ਥੋੜ੍ਹੀ ਔਕਾਤ ਵਾਲੇ ਹੀ ਵਧੇਰੇ ਵਿਖਾਵਾ ਕਰਦੇ ਹਨ।

ਉਹੀ ਬੁੜੀ ਖੋਤੀ, ਉਹੀ ਰਾਮ ਦਿਆਲ——ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕਿਸੇ ਬੰਦੇ ਬਾਰੇ ਇਹ ਦੱਸਣਾ ਹੋਵੇ ਕਿ ਉਸ ਨੇ ਸਾਰੀ ਉਮਰ ਇਕੋ ਹੀ ਕੰਮ ਕੀਤਾ ਹੈ ਜਾਂ ਸਾਰਾ ਜੀਵਨ ਥੋੜ੍ਹੀ ਆਮਦਨ ਨਾਲ਼ ਹੀ ਗੁਜ਼ਾਰਿਆ ਹੈ।

ਉਹੀ ਰਾਣੀ ਜੋ ਖਸਮੇ ਖਾਣੀ——ਉਹ ਵਸਤੂ ਚੰਗੀ ਹੈ ਜਿਹੜੀ ਕਿਸੇ ਦੇ ਮਨ ਨੂੰ ਭਾਅ ਜਾਵੇ।

ਉਹੀ ਤੁਤੜੀ ਦੇ ਉਹੋ ਰਾਗ——ਜਦੋਂ ਕੋਈ ਬੰਦਾ ਮੁੜ-ਮੁੜ ਇਕੋ ਗੱਲ ਦੁਹਰਾਈ ਜਾਵੇ, ਜਾਂ ਕਿਸੇ ਬੰਦੇ ਦੀਆਂ ਭੈੜੀਆਂ ਆਦਤਾਂ ਤੇ ਸੁਭਾਅ ਵਿੱਚ ਲੰਮਾ ਸਮਾਂ ਬੀਤ ਜਾਣ ਮਗਰੋਂ ਵੀ ਕੋਈ ਫ਼ਰਕ ਨਾ ਪਿਆ ਹੋਵੇ, ਉਦੋਂ ਕਹਿੰਦੇ ਹਨ।

ਓੜਕ ਬੱਚਾ ਮੂਲਿਆ ਮੁੜ ਹੱਟੀ ਬਹਿਣਾ——ਜਦੋਂ ਕੋਈ ਵਿਅਕਤੀ ਆਪਣਾ ਜੱਦੀ ਪੁਸ਼ਤੀ ਪੇਸ਼ਾ ਛੱਡ ਕੇ, ਦੂਜਾ ਪੇਸ਼ਾ ਅਪਣਾ ਕੇ, ਅਸਫ਼ਲ ਹੋਣ ਮਗਰੋਂ ਮੁੜ ਆਪਣੇ ਜੱਦੀ ਪੁਸ਼ਤੀ ਪੇਸ਼ੇ ਨੂੰ ਅਪਣਾ ਲਵੇ, ਉਦੋਂ ਇਹ ਅਖਾਣ ਵਰਤਦੇ ਹਨ।

ਅਓਸਰ ਚੁੱਕਾ ਹੱਥ ਨਾ ਆਵੇ——ਪ੍ਰਾਪਤ ਹੋਏ ਮੌਕੇ ਦਾ ਲਾਭ ਉਠਾਉਣ ਲਈ ਇਹ ਅਖਾਣ ਵਰਤਦੇ ਹਨ, ਬੀਤਿਆ ਹੋਇਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ।

ਅਸਮਾਨੋਂ ਡਿੱਗੀ, ਖਜ਼ੂਰ 'ਚ ਅਟਕੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਇਕ ਮੁਸੀਬਤ ਤੋਂ ਦੂਜੀ ਮੁਸੀਬਤ ਵਿੱਚ ਫਸ ਜਾਂਦਾ ਹੈ।

ਅੱਸੀ ਸੀਆਂ ਗਾਜਰਾਂ, ਸੌ ਸੇਈਂ ਕਮਾਦ, ਸਠ ਸੀਆਂ ਲਾ ਕੇ ਦੇਖ ਕਣਕ ਦਾ ਝਾੜ——ਇਸ ਅਖਾਣ ਵਿੱਚ ਵੱਖ-ਵੱਖ ਫ਼ਸਲਾਂ ਦਾ ਚੰਗੇਰਾ ਝਾੜ ਪ੍ਰਾਪਤ ਕਰਨ ਲਈ ਵਾਹੀ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ...ਕਿਹੜੀ-ਕਿਹੜੀ ਫ਼ਸਲ ਲਈ ਕਿੰਨੀ ਵਾਰ ਖੇਤ ਵਾਹੁਣ ਦੀ ਲੋੜ ਹੈ ਉਸ ਬਾਰੇ ਜਾਣਕਾਰੀ ਦੇਂਦਾ ਹੈ ਇਹ ਅਖਾਣ।

ਅੱਸੂ ਜਿੱਤੇ ਤੇ ਅੱਸੂ ਹਾਰੇ——ਇਸ ਅਖਾਣ ਦਾ ਭਾਵ ਇਹ ਹੈ ਕਿ ਹਾੜੀ-ਸਾਉਣੀ ਦੀਆਂ ਫ਼ਸਲਾਂ ਦਾ ਚੰਗਾ ਜਾਂ ਮੰਦਾ ਹੋਣਾ ਅੱਸੂ ਵਿੱਚ ਪਏ ਮੀਂਹ 'ਤੇ ਨਿਰਭਰ ਕਰਦਾ ਹੈ।

ਅੱਸੂ ਮਾਹ ਨਿਰਾਲਾ, ਦਿਨੇ ਧੁੱਪ ਤੇ ਰਾਤੀਂ ਪਾਲਾ——ਇਸ ਅਖਾਣ ਵਿੱਚ ਸਾਲ ਦੇ ਦੂਜਿਆਂ ਮਹੀਨਿਆਂ ਨਾਲੋਂ, ਅੱਸੂ ਮਹੀਨੇ ਦੇ ਵੱਖਰੇਪਣ ਨੂੰ ਦਰਸਾਇਆ ਗਿਆ ਹੈ।

ਲੋਕ ਸਿਆਣਪਾਂ/15