ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਅਕਲ ਖਾਤੇ ਸੁੱਟਣਾ-ਕੋਈ ਬੇਅਕਲੀ ਵਾਲਾ ਕੰਮ ਕਰਨਾ, ਬੇਸਮਝੀ ਵਾਲੀ ਗੱਲ ਕਰਨੀ।
ਅਕਲ ਖੁੰਢੀ ਹੋਣਾ-ਦਿਮਾਗ਼ੀ ਤਾਕਤ ਘੱਟ ਹੋਣਾ, ਚੱਜ ਦੀ ਗੱਲ ਨਾ ਸੁਝਣੀ, ਦਿਮਾਗ਼ ਦਾ ਤੇਜ਼-ਤਰਾਰ ਨਾ ਹੋਣਾ।
ਅਕਲ ਗਿੱਟਿਆਂ ਵਿੱਚ ਹੋਣਾ-ਬੇਸਮਝ ਮਨੁੱਖ, ਬੇਵਕੂਫ਼, ਘੱਟ ਅਕਲ ਵਾਲ਼ਾ।
ਅਕਲ ਗੁੰਮ ਹੋਣਾ-ਕਿਸੇ ਬਿਪਤਾ ਸਮੇਂ ਘਬਰਾ ਜਾਣਾ, ਹੋਸ਼ ਗੁਆ ਬੈਠਣਾ।
ਅਕਲ ਚੱਕਰਾ ਜਾਣਾ-ਕੋਈ ਗੱਲ ਨਾ ਸੁਝਣੀ, ਸਿਰ ਭੌਂ ਜਾਣਾ।
ਅਕਲ ’ਤੇ ਪੱਥਰ ਪੈਣਾ-ਸਮਝ ਗੁਆ ਬੈਠਣਾ, ਬੇਸਮਝੀ ਨਾਲ ਗ਼ਲਤੀ ਕਰ ਲੈਣੀ।
ਅਕਲ ’ਤੇ ਪਰਦਾ ਪਾਉਣਾ-ਜਾਣ ਬੁਝ ਕੇ ਕਿਸੇ ਨੂੰ ਮੂਰਖ਼ ਬਨਾਉਣਾ, ਅਕਲ ਨਾ ਆਉਣ ਦੇਣੀ।
ਅਕਲ ’ਤੇ ਪਰਦਾ ਪੈਣਾ-ਦਿਮਾਗ਼ੀ ਸੂਝ ਨੇ ਕੰਮ ਨਾ ਕਰਨਾ, ਮੱਤ ਮਾਰੀ ਜਾਣੀ।
ਅਕਲ ਦਾ ਅੰਨ੍ਹਾ ਹੋਣਾ-ਅਗਿਆਨੀ, ਮਹਾਂ ਮੂਰਖ਼।
ਅਕਲ ਦਾ ਕੋਟ ਹੋਣਾ-ਅਤਿ ਸਿਆਣਾ, ਵਿਦਵਾਨ, ਗਿਆਨੀ।
ਅਕਲ ਦੇ ਡੰਡ ਲਾਉਣਾ-ਸੋਚ ਉਡਾਰੀ, ਅਕਲ ਲੜਾਉਣੀ, ਅਕਲ ਨਾਲ਼ ਅੰਦਾਜ਼ਾ ਲਾਉਣਾ।
ਅਕਲ ਦੇ ਨਹੁੰ ਲਹਾਉਣੇ-ਸੋਚ ਵਿਚਾਰ ਨਾਲ ਕੰਮ ਕਰਨਾ, ਹੋਸ਼-ਹਵਾਸ ਵਿੱਚ ਹੋਣਾ।
ਅਕਲ ਦੁੜਾਉਣਾ-ਵਿਚਾਰ ਵਿਮਰਸ਼ ਕਰਨਾ, ਸੋਚ ਵਿਚਾਰ ਕਰਨੀ।
ਅਕਲ ਦੀ ਮਾਰ ਪੈਣੀ-ਅਕਲ ਗੁਆ ਬੈਠਣਾ, ਮੱਤ ਮਾਰੀ ਜਾਣੀ।
ਅਕਲ ਨੂੰ ਜਿੰਦਰਾ ਮਾਰਨਾ-ਕੋਈ ਗੱਲ ਨਾ ਸੁਝਣੀ, ਕੋਈ ਸਮਝ ਨਾ ਆਉਣੀ।
ਅਕਲ ਫਿਰਨੀ-ਮੱਤ ਮਾਰੀ ਜਾਣੀ, ਉਲਟੀਆਂ ਪੁਲਟੀਆਂ ਗੱਲਾਂ ਕਰਨਾ, ਬੇਵਕੂਫ਼ਾਂ ਵਾਲੀਆਂ ਬੇਥਵੀਆਂ ਮਾਰਨੀਆਂ।
ਅਕਲ ਲੈਣੀ-ਸਿੱਖਿਆ ਲੈਣਾ, ਮੱਤ ਲੈਣੀ।
ਅਕਲ ਵਿੱਚ ਪੱਥਰ ਪੈਣੇ-ਕੋਈ ਗੱਲ ਨਾ ਸੁਝਣਾ, ਮੱਤ ਮਾਰੀ ਜਾਣੀ।
ਅੱਕਾਂ ਨੂੰ ਬਾੜ ਕਰਨੀ-ਬੇਲੋੜੀ ਵਸਤੂ ਦੀ ਰਾਖੀ ਕਰਨੀ, ਕਿਸੇ ਅਯੋਗ ਚੀਜ਼ ਦੀ ਕਦਰ ਕਰਨਾ।

ਲੋਕ ਸਿਆਣਪਾਂ/169