ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਅੱਗ ਨਾਲ਼ ਖੇਡਣਾ-ਖਤਰਾ ਮੁੱਲ ਲੈਣਾ, ਜਾਣ ਬੁਝ ਕੇ ਔਖਾ ਕੰਮ ਕਰਨਾ।
ਅੱਗ ਪਾ ਦੇਣੀ-ਸ਼ਾਂਤੀ ਭੰਗ ਕਰਨਾ, ਅਮਨ ’ਚ ਖਲਲ ਪਾਉਣਾ।
ਅੱਗ ਭਬੂਕਾ ਹੋਣਾ-ਗੁੱਸੇ ਵਿੱਚ ਲਾਲ ਸੂਹਾ ਹੋਣਾ।
ਅੱਗ ਤੇ ਤੇਲ ਪਾਉਣਾ-ਝਗੜੇ ਨੂੰ ਹੋਰ ਵਧਾਉਣਾ।
ਅੱਗ ਲਾਉਣਾ-ਅਮਨ ਭੰਗ ਕਰਨਾ, ਸ਼ੋਸ਼ੇ ਛੱਡ ਕੇ ਗੱਲ ਵਧਾਉਣੀ, ਲੜਾਈ ਤੇਜ਼ ਕਰਨੀ।
ਅੱਗ ਵਰ੍ਹਨੀ-ਅਤਿ ਦੀ ਗਰਮੀ ਪੈਣੀ।
ਅੱਗ 'ਚ ਛਾਲ ਮਾਰਨੀ-ਅਜਿਹਾ ਖ਼ਤਰਾ ਮੁਲ ਲੈਣਾ ਜਿਸ 'ਚ ਜਾਨ ਚਲੀ ਜਾਵੇ।
ਅਗਲੇ ਘਰੋਂ ਬਚਣਾ-ਮੌਤ ਦੇ ਮੂੰਹ 'ਚੋਂ ਬਚ ਕੇ ਨਿਕਲਣਾ।
ਅੱਗਾ ਪਿੱਛਾ ਨਾ ਸੁਝਣਾ-ਔਖੀ ਘੜੀ 'ਚੋਂ ਨਿਕਲਣ ਦਾ ਰਾਹ ਨਾ ਲੱਭਣਾ।
ਅੱਗਾ ਪਿੱਛਾ ਵੇਖਣਾ-ਸਾਰੇ ਪੱਖ ਦੇਖਣੇ, ਨਫੇ ਨੁਕਸਾਨ ਬਾਰੇ ਸੋਚਣਾ।
ਅੱਗਾ ਭਾਰੀ ਹੋਣਾ-ਬੁਰੇ ਕੰਮ ਕਰਕੇ ਨਰਕਾਂ ਦੇ ਰਾਹ ਪੈਣਾ।
ਅੱਗਾ ਮਾਰਨਾ-ਕਿਸੇ ਦੀ ਤਰੱਕੀ ਵਿੱਚ ਰੋੜਾ ਬਨਣਾ, ਰੋਕ ਲਾਉਣੀ।
ਅੱਗੇ ਹਿੱਕਣਾ-ਆਮ ਲੋਕਾਂ 'ਤੇ ਜ਼ੋਰ ਜ਼ੁਲਮ ਕਰਨਾ।
ਅੱਗੇ ਲੱਗ ਤੁਰਨਾ-ਬੇਬਸ ਹੋ ਜਾਣਾ।
ਅੱਗੇ ਲਾ ਲੈਣਾ-ਆਪਣੀ ਈਨ ਮਨਾਉਣੀ, ਮਰਜ਼ੀ ਨਾਲ ਕੰਮ ਕਰਵਾਉਣੇ।
ਅੱਜ ਕੱਲ੍ਹ ਕਰਨਾ-ਲਾਰੇ ਲਾਉਣਾ, ਟਾਲ ਮਟੋਲ ਕਰਨਾ।
ਅਜ਼ਾਬ ਦੇ ਮੂੰਹ ਆਉਣਾ-ਕਿਸੇ ਡਾਢੀ ਪੀੜਾ ਵਿੱਚ ਫਸ ਜਾਣਾ,ਦੁੱਖ ਝੱਲਣੇ।
ਅਜ਼ੀਬ ਮਿੱਟੀ ਦੇ ਘੜੇ ਹੋਣਾ-ਅਨੋਖੇ ਸੁਭਾਅ ਦੇ ਮਾਲਕ ਹੋਣਾ।
ਅਟੇਰ ਕੇ ਲੈ ਜਾਣਾ-ਕਿਸੇ ਨੂੰ ਧੋਖੇ ਨਾਲ ਆਪਣੇ ਮਗਰ ਲਾ ਲੈਣਾ।
ਅਠੋ ਅੱਠ ਮਾਰਨੀਆਂ-ਮੌਜ ਵਿੱਚ ਹੋਣਾ।
ਅੱਡ੍ਹਾ ਲਾਉਣਾ-ਪੂਰੀ ਟੱਕਰ ਲੈਣੀ।
ਅੱਡੀ ਚੋਟੀ ਤੱਕ ਡੁਬ ਜਾਣਾ-ਆਪਣੇ ਧਿਆਨ ਵਿੱਚ ਮਗਨ ਹੋ ਜਾਣਾ।
ਅੱਡੀ ਚੋਟੀ ਦਾ ਜ਼ੋਰ ਲਾਉਣਾ-ਕਿਸੇ ਕੰਮ ਨੂੰ ਪੂਰੀ ਲਗਨ ਨਾਲ਼ ਕਰਨਾ।
ਅੱਡੀ ਨਾ ਲੱਗਣੀ-ਟਿਕ ਕੇ ਨਾ ਬਹਿਣਾ।
ਅੱਡੀਆਂ ਗੋਡੇ ਰਗੜਨਾ-ਮਿੰਨਤਾਂ ਤਰਲੇ ਕਰਨੇ।

ਲੋਕ ਸਿਆਣਪਾਂ/173