ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/178

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਆਪਣੀ ਆਪਣੀ ਪੈ ਜਾਣੀ-ਹਰ ਇਕ ਨੂੰ ਆਪਣੀ ਹੀ ਫ਼ਿਕਰ ਹੋਣੀ।
ਆਪਣੀ ਕਰਨੀ ਭਰਨਾ-ਆਪਣਾ ਕੀਤਾ ਭੁਗਤਣਾ, ਮਾੜੇ ਕੰਮਾਂ ਦੇ ਫ਼ਲ ਪਾਉਣੇ।
ਆਪਣੀ ਗੱਲੋਂ ਨਾ ਮੁੜਨਾ-ਆਪਣੀ ਗੱਲ ਮਨਾਉਣੀ।
ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣਾ-ਸਾਥੀਆਂ ਤੋਂ ਵੱਖਰੇ ਹੋ ਕੇ ਕੋਈ ਕੰਮ ਕਰਨਾ, ਮਰਜ਼ੀ ਕਰਨੀ।
ਆਪਣੀ ਪੀਹੜੀ ਹੇਠ ਸੋਟਾ ਫੇਰਨਾ-ਆਪਣੇ ਨੁਕਸ ਦੇਖਣੇ।
ਆਪਣੇ ਪੈਰਾਂ 'ਤੇ ਖੜ੍ਹੇ ਹੋਣਾ- ਆਪਣੀ ਹਿੰਮਤ ਨਾਲ਼ ਉੱਨਤੀ ਕਰਨੀ।
ਆਪਣੇ ਪੈਰੀਂ ਆਪ ਕੁਹਾੜਾ ਮਾਰਨਾ-ਆਪਣੀ ਕਰਤੂਤ ਨਾਲ਼ ਆਪਣਾ ਨੁਕਸਾਨ ਕਰਨਾ।
ਆਪਣੀ ਮਾਰੀ ਜਾਣਾ-ਦੂਜੇ ਦੀ ਗੱਲ ਨਾ ਸੁਣਨੀ, ਆਪਣੀਆਂ ਹੀ ਮਾਰੀ ਜਾਣੀਆਂ।
ਆਪਣੀ ਲੱਤ ਉੱਪਰ ਰੱਖਣੀ-ਅਹਿਸਾਨ ਜਤਾਉਣਾ, ਆਪਣੇ ਆਪ ਨੂੰ ਉੱਪਰ ਰੱਖਣਾ।
ਆਪਣੇ ਆਪ ਵਿੱਚ ਨਾ ਹੋਣਾ-ਸੂਰਤ ਗੰਵਾ ਬੈਠਣਾ।
ਆਪਣੇ ਆਪ ਵਿੱਚ ਮਸਤ ਹੋਣਾ-ਦੂਜੇ ਦੀ ਪ੍ਰਵਾਹ ਨਾ ਕਰਨੀ
ਆਪਣੇ ਢਿੱਡ ਤੇ ਹੱਥ ਫੇਰਨਾ-ਖ਼ੁਦਗਰਜ਼ ਹੋਣਾ।
ਆਪਣੇ ਮੂੰਹ ਮੀਆਂ ਮਿੱਠੂ ਬਣਨਾ-ਆਪਣੀ ਵਡਿਆਈ ਆਪ ਹੀ ਕਰੀ ਜਾਣੀ।
ਆਪੇ ਤੋਂ ਬਾਹਰ ਹੋ ਜਾਣਾ-ਗੁੱਸੇ ਵਿੱਚ ਆਪਣੇ ਆਪ ’ਤੇ ਕਾਬੂ ਨਾ ਰੱਖ ਸਕਣਾ, ਜੋਸ਼ ਵਿੱਚ ਆਉਣਾ।
ਆਪੋ ਆਪਣੀਆਂ ਚਲਾਉਣਾ-ਵੱਖ-ਵੱਖ ਵਿਚਾਰ ਰੱਖਣੇ, ਵੱਖਰੀ ਵੱਖਰੀ ਰਾਏ ਦੇਣੀ।
ਆਫ਼ਰ ਜਾਣਾ-ਹੰਕਾਰ ਵਿੱਚ ਆਕੜ ਜਾਣਾ।
ਆਬਰੂ ਉੱਤੇ ਦਾਗ਼ ਲਾਉਣਾ-ਕੋਈ ਬਦਨਾਮੀ ਖੱਟਣੀ।
ਆਲ ਉਲਾਦ ਅੱਗੇ ਆਉਣਾ-ਕਿਸੇ ਦੇ ਮਾੜੇ ਕੰਮਾਂ ਦਾ ਫ਼ਲ ਉਸ ਦੀ ਸੰਤਾਨ ਨੂੰ ਮਿਲਣਾ।
ਆਲ਼ਿਆਂ ਟੋਲ਼ਿਆਂ 'ਚ ਰੱਖਣਾ-ਗੋਲ਼ ਮੋਲ਼ ਗੱਲ ਕਰਨੀ, ਕਿਸੇ ਗੱਲ ਦਾ ਨਿਪਟਾਰਾ ਨਾ ਹੋਣ ਦੇਣਾ।

ਲੋਕ ਸਿਆਣਪਾਂ/176