ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/179

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਲ਼ੇ ਕੌਡੀ ਛਿੱਕੇ ਕੌਡੀ ਕਰਨਾ-ਟਾਲ਼ ਮਟੋਲ਼ ਕਰਨਾ, ਬਹਾਨੇ ਘੜਨੇ।
ਆਵਾ ਊਤ ਜਾਣਾ-ਸਾਰਾ ਟੱਬਰ ਈ ਨਿਕੰਮਾ ਹੋਣਾ, ਤਾਣਾ ਪੇਟਾ ਵਿਗੜ ਜਾਣਾ।
ਔਸੀਆਂ ਪਾਉਣਾ-ਉਡੀਕ ਕਰਨੀ।
ਔਖੀਆਂ ਘਾਟੀਆਂ ਚੀਰਨੀਆਂ-ਔਖੇ ਇਮਤਿਹਾਨਾਂ ਅਤੇ ਔਖੀਆਂ ਮੁਸ਼ਕਲਾਂ 'ਚੋਂ ਸਫ਼ਲ ਹੋ ਜਾਣਾ।
ਔਲ਼ੇ ਕੌਲ਼ੇ ਮੂੰਹ ਮਾਰਨਾ-ਭੈੜੀ ਸੰਗਤ 'ਚ ਰਲ਼ਕੇ ਮਾੜੇ ਕੰਮ ਕਰਨਾ, ਅਜਾਈਂ ਟੱਕਰਾਂ ਮਾਰਨੀਆਂ।
ਔੜ ਲੱਗਣੀ-ਬਾਰਸ਼ ਨਾ ਹੋਣੀ।
ਅੰਗ ਅੰਗ ਹੱਸਣਾ-ਅਤਿ ਦੀ ਖ਼ੁਸ਼ੀ ਹੋਣੀ।
ਅੰਗ ਹਿਲਾਣਾ-ਹੱਥੀਂ ਮਿਹਨਤ ਕਰਨੀ।
ਅੰਗ ਪਾਲਣਾ-ਮਿੱਤਰਤਾ ਨਿਭਾਉਣੀ, ਸਮੇਂ ਸਿਰ ਕੰਮ ਆਉਣਾ।
ਅੰਗ ਮਾਰਿਆ ਜਾਣਾ-ਕਿਸੇ ਬੀਮਾਰੀ ਕਾਰਨ ਜਾਂ ਸੱਟ ਲੱਗਣ ਨਾਲ ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਣਾ।
ਅੰਗੜਾਈਆਂ ਭੰਨਣਾ-ਆਕੜਾਂ ਭੰਨਣੀਆਂ, ਮਨ ਵਿੱਚ ਉਬਾਲ ਆਉਣੇ।
ਅੰਤ ਲੈਣਾ-ਦੂਜੇ ਦੀ ਅਖ਼ੀਰ ਤੱਕ ਪ੍ਰੀਖਿਆ ਲੈਣੀ।
ਅੰਦਰ ਤੀਕ ਧਸ ਜਾਣਾ-ਦੂਜੇ ਦਾ ਦਿਲ ਮੋਹ ਲੈਣਾ, ਆਪਣਾ ਬਣਾ ਲੈਣਾ।
ਅੰਦਰਲਾ ਸਾਹ ਅੰਦਰ ਤੇ ਬਾਹਰਲਾ ਸਾਹ ਬਾਹਰ ਰਹਿਣਾ-ਘਬਰਾ ਜਾਣਾ, ਹੋਸ਼ ਜਾਂਦੀ ਰਹਿਣੀ।
ਅੰਦਰੋਂ ਕਾਲ਼ਾ ਹੋਣਾ-ਧੋਖੇਬਾਜ਼ ਹੋਣਾ, ਮਨ ਵਿੱਚ ਖੋਟ ਹੋਣਾ।
ਅੰਨ ਜਲ ਚੁਗਣਾ-ਰੋਜ਼ੀ ਰੋਟੀ ਦਾ ਪ੍ਰਬੰਧ ਹੋ ਜਾਣਾ।
ਅੰਨ੍ਹਾ ਖ਼ਰਚ ਕਰਨਾ-ਬਹੁਤਾ ਖ਼ਰਚ ਕਰਨਾ, ਫਜ਼ੂਲ ਖ਼ਰਚ।
ਅੰਨ੍ਹੇ ਅੱਗੇ ਦੀਦੇ ਗਾਲਣੇ-ਬੇਕਦਰੇ ਅੱਗੇ ਦੁੱਖ ਫੋਲਣੇ।
ਅੰਨ੍ਹੇ ਅੱਗੇ ਨੱਚਣਾ-ਕਿਸੇ ਬੇਕਦਰੇ ਅੱਗੇ ਵਧੀਆ ਕੰਮ ਕਰਨਾ।
ਅੰਨ੍ਹੇ ਖੂਹ ਵਿੱਚ ਛਾਲ਼ ਮਾਰਨੀ-ਬਿਨ੍ਹਾਂ ਸੋਚੇ ਸਮਝੇ ਕੋਈ ਕੰਮ ਕਰਨਾ।
ਅੰਨ੍ਹੇ ਹੱਥ ਬਟੇਰਾ-ਅਚਾਨਕ ਕੋਈ ਜਿੱਤ ਪ੍ਰਾਪਤ ਹੋ ਜਾਣੀ, ਅਯੋਗ ਬੰਦੇ ਨੂੰ ਕੋਈ ਪ੍ਰਾਪਤੀ ਹੋ ਜਾਣੀ।

ਲੋਕ ਸਿਆਣਪਾਂ/177