ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਸੂ ਵੱਸੇ, ਹਾੜ੍ਹੀ ਸਾਉਣੀ ਦੀ ਨੀਂਹ ਲਾਏ——ਭਾਵ ਇਹ ਹੈ ਕਿ ਜੇਕਰ ਅੱਸੂ ਮਹੀਨੇ ਵਿੱਚ ਭਰਵੀਂ ਬਾਰਸ਼ ਪੈ ਜਾਵੇ ਤਾਂ ਸਾਉਣੀ ਤੇ ਹਾੜ੍ਹੀ ਦੀਆਂ ਫ਼ਸਲਾਂ ਚੰਗੀਆਂ ਹੁੰਦੀਆਂ ਹਨ।

ਅਹਮਕ ਕੱਪੇ ਆਪਣੇ ਪੈਰ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਪੁਰਸ਼ ਆਪਣੇ ਕੰਮਾਂ ਤੇ ਮਾੜੇ ਅਮਲਾਂ ਨਾਲ਼ ਆਪਣਾ ਤੇ ਆਪਣੇ ਸਾਕ ਸਬੰਧੀਆਂ ਦਾ ਨੁਕਸਾਨ ਕਰ ਰਿਹਾ ਹੋਵੇ।

ਅਹਰਨ ਕੱਛੇ ਮਾਰਨੀ ਸੂਈ ਦਾ ਕਰਨਾ ਦਾਨ——ਵਡਾਰੂ ਇਹ ਅਖਾਣ ਉਸ ਵਿਅਕਤੀ ਲਈ ਵਰਤਦੇ ਹਨ ਜਦੋਂ ਉਹ ਨਿੱਕੇ-ਨਿੱਕੇ ਕੰਮਾਂ 'ਚ ਈਮਾਨਦਾਰੀ ਵਿਖਾਏ ਪ੍ਰੰਤੂ ਵੱਡੇ-ਵੱਡੇ ਮਾਮਲਿਆਂ ਵਿੱਚ ਘਪਲੇਬਾਜ਼ੀ ਕਰਨੋਂ ਨਾ ਟਲ਼ੇ।

ਅਕਲ ਦਿੰਦਾ ਚੰਗਾ ਤੇ ਟੁਕ ਦੇਂਦਾ ਮੰਦਾ——ਜਦੋਂ ਕੋਈ ਮੂਰਖ਼ ਬੰਦਾ ਚੰਗੀ ਮੱਤ ਦੇਣ ਵਾਲੇ਼ ਨੂੰ ਮਾੜਾ ਕਹੇ, ਉਦੋਂ ਇਹ ਅਖਾਣ ਬੋਲਦੇ ਹਨ। ਜਿਹੜਾ ਬੰਦਾ ਰੋਟੀ ਕਮਾਉਣ ਜੋਗੀ ਅਕਲ ਦੇਵੇ ਉਸ ਨੂੰ ਮਾੜਾ ਆਖਣਾ ਠੀਕ ਨਹੀਂ।

ਅਕਲ ਵੱਡੀ ਕਿ ਮੱਝ——ਇਸ ਅਖਾਣ ਦਾ ਭਾਵ ਇਹ ਹੈ ਕਿ ਮਨੁੱਖ ਸਰੀਰ ਦੇ ਅਕਾਰ ਕਰਕੇ ਵੱਡਾ ਨਹੀਂ ਬਲਕਿ ਉਸ ਦੀ ਅਕਲ ਕਰਕੇ ਵੱਡਾ ਮੰਨਿਆ ਜਾਂਦਾ ਹੈ।

ਅਕਲਾਂ ਬਾਝੋਂ ਖ਼ੂਹ ਖ਼ਾਲ੍ਹੀ——ਬਿਨਾਂ ਸਮਝ ਤੋਂ ਭਰੇ ਖ਼ੂਹ ਵਿੱਚੋਂ ਪਾਣੀ ਨਹੀਂ ਕੱਢਿਆ ਜਾ ਸਕਦਾ, ਭਾਵ ਇਹ ਹੈ ਕਿ ਬਿਨਾਂ ਅਕਲ ਦੇ ਧੰਨਵਾਨ ਹੋਣਾ ਕੋਈ ਗੁਣ ਨਹੀਂ।

ਅੱਖ ਓਹਲੇ ਪਹਾੜ ਉਹਲੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੜੀ ਵਸਤੂ ਸਾਨੂੰ ਨਜ਼ਰ ਨਹੀਂ ਆ ਰਹੀ ਉਹ ਨੇੜੇ ਹੁੰਦੀ ਹੋਈ ਵੀ ਦੂਰ ਹੈ।

ਅੱਖ ਟੱਡੀ ਰਹਿ ਗਈ ਕੱਜਲ ਲੈ ਗਿਆ ਕਾਂ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਆਪਣੇ ਆਪ ਨੂੰ ਬਹੁਤਾ ਹੁਸ਼ਿਆਰ ਸਮਝਣ ਵਾਲ਼ੇ ਬੰਦੇ ਨੂੰ ਮੂਰਖ਼ ਬਣਾ ਕੇ ਉਸ ਦੀ ਥਾਂ ਕੋਈ ਹੋਰ ਲਾਭ ਪ੍ਰਾਪਤ ਕਰ ਲਵੇ।

ਅੱਖ ਨਾ ਪੁੱਛ, ਵਹੁਟੀ ਹੀਰੇ ਵਰਗੀ——ਜਦੋਂ ਕੋਈ ਸ਼ਰੀਕ ਗੁੱਝੇ ਰੂਪ ਵਿੱਚ ਕਿਸੇ ਦੀ ਸਿਫ਼ਤ ਕਰਦਿਆਂ ਬੁਰਾਈ ਕਰਦਾ ਹੈ ਜਾਂ ਭਾਨੀ ਮਾਰਦਾ ਹੈ, ਉਦੋਂ ਇਹ ਅਖਾਣ ਬੋਲਿਆਂ ਜਾਂਦਾ ਹੈ।

ਅੱਖ ਲੱਗੀ ਤੇ ਮਾਲ ਬਿਗਾਨਾ——ਇਸ ਅਖਾਣ ਰਾਹੀਂ ਯਾਤਰਾ ਕਰ ਰਹੇ ਯਾਤਰੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਸਫ਼ਰ ਕਰਦਿਆਂ ਨੀਂਦ ਦਾ ਸੁਆਦ ਨਾ ਮਾਣਨ ਮਤੇ ਚੋਰ ਉਹਨਾਂ ਦਾ ਸਮਾਨ ਲੈ ਕੇ ਤਿੱਤਰ ਹੋ ਜਾਣਾ।

ਅੱਖਰ ਇੱਕ ਨਾ ਜਾਣਦਾ ਨਾ ਇਲਮਦੀਨ——ਉਦੋਂ ਕਹਿੰਦੇ ਹਨ ਜਦੋਂ ਕਿਸੇ ਬੰਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ ਹੋਵੇ ਪ੍ਰੰਤੂ ਅਮਲ ਵਿੱਚ ਤੇ ਕਰਤੂਤਾਂ ਵਿੱਚ ਮਾੜਾ ਨਿਕਲੇ।

ਲੋਕ ਸਿਆਣਪਾਂ/16