ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਰਕਾਰੇ ਦਰਬਾਰੇ ਚੜ੍ਹਨਾ-ਕਚਹਿਰੀ ਵਿੱਚ ਨਿਆਂ ਲਈ ਮੁਕੱਦਮਾ ਕਰਨਾ, ਸ਼ਕੈਤ ਕਰਨੀ।
ਸਰਬੰਸ ਲਾਉਣਾ-ਸਭ ਕੁਝ ਕੁਰਬਾਨ ਕਰਨਾ।
ਸਰੀਰ ਸੁੰਨ ਹੋਣਾ-ਸਰੀਰ ਵਿੱਚ ਤਾਕਤ ਨਾ ਰਹਿਣੀ, ਡਰ ਜਾਣਾ।
ਸਰੀਰ ਢਿੱਲਾ ਪੈਣਾ-ਬੀਮਾਰ ਹੋ ਜਾਣਾ, ਸਧਾਰਨ ਬੀਮਾਰੀ ਲੱਗ ਜਾਣੀ।
ਸਲਾਹੁੰਦਿਆਂ ਦਾ ਮੂੰਹ ਸੁੱਕਣਾ-ਅਤਿ ਸਲਾਹੁਣਯੋਗ ਕਿ ਸਲਾਹੁਣ ਲਈ ਸ਼ਬਦ ਨਾ ਲੱਭਣੇ।
ਸਲਾਮੀ ਉਤਾਰਨਾ-ਕੌਮੀ ਝੰਡਾ ਲਹਿਰਾਉਣ ਉਪਰੰਤ ਉਸ ਨੂੰ ਸਲਾਮੀ ਦੇਣੀ।
ਸਵਾਇਆ ਰੰਗ ਚੜ੍ਹਨਾ-ਖ਼ੁਸ਼ੀ ਵਿੱਚ ਝੂਮ ਉਠਣਾ, ਬਹੁਤੀ ਖੁਸ਼ੀ ਮਹਿਸੂਸ ਕਰਨੀ।
ਸੜਕਾਂ ਕੱਛਣਾ-ਬਿਨਾਂ ਕੰਮ ਤੋਂ ਵਿਹਲੇ ਰਹਿਣਾ, ਅਵਾਰਾ ਫਿਰਨਾ।
ਸੜਦਾ ਸੜਦਾ ਕੋਲਾ ਦਿਲ 'ਤੇ ਰਖਣਾ-ਦੁਖੀ ਨੂੰ ਹੋਰ ਦੁਖੀ ਕਰਨਾ।
ਸ਼ਸ਼ੋਪੰਜ ਵਿੱਚ ਪੈਣਾ-ਦੁਬਿਧਾ ਵਿੱਚ ਪੈ ਜਾਣਾ, ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਬਾਰੇ ਝਿਜਕਣਾ, ਸਪੱਸ਼ਟ ਫ਼ੈਸਲਾ ਨਾ ਕਰ ਸਕਣਾ।
ਸ਼ਹਿਦ ਲਾ ਕੇ ਚੱਟਣਾ-ਨਕੰਮੀ ਵਸਤੂ ਨੂੰ ਕੋਲ ਰੱਖਣਾ।
ਸ਼ਹੁ ਪਤੀਜਣਾ-ਸੰਤੁਸ਼ਟੀ ਹੋਣੀ, ਸਬਰ ਹੋਣਾ, ਭਰੋਸਾ ਬੱਝ ਜਾਣਾ।
ਸ਼ਕੰਜਾ ਢਿੱਲਾ ਹੋਣਾ-ਸਰੀਰ ਢਿੱਲਾ ਮੱਠਾ ਹੋਣਾ, ਮਾਣ ਟੁੱਟ ਜਾਣਾ।
ਸ਼ਰਮ ਨਾਲ ਗਰਕਣਾ-ਮਾੜਾ ਕੰਮ ਕਰਕੇ ਸ਼ਰਮ ਮਹਿਸੂਸ ਕਰਨੀ।
ਸ਼ਰਮ ਨਾਲ ਪਾਣੀ ਪਾਣੀ ਹੋਣਾ-ਬਹੁਤ ਸ਼ਰਮ ਮਹਿਸੂਸ ਕਰਨੀ।
ਸਾਹ ਆਉਣਾ-ਜ਼ੋਰ ਦਾ ਕੰਮ ਕਰਨ ਮਗਰੋਂ ਵਿਹਲ ਮਿਲਣੀ।
ਸਾਹ ਸਤ ਮੁਕਾ ਦੇਣਾ-ਘਬਰਾਹਟ ਵਿੱਚ ਪਾ ਦੇਣਾ।
ਸਾਹ ਸੁੱਕ ਜਾਣਾ-ਡਰ ਜਾਣਾ।
ਸਾਹ ਸੁਕਾਈ ਰੱਖਣਾ-ਡਰਾਈ ਰੱਖਣਾ, ਸਹਿਮ ਪਾਈ ਜਾਣਾ।
ਸਾਹ ਚੜ੍ਹਨਾ-ਹਫ਼ ਜਾਣਾ।
ਸਾਹ ਨਾ ਲੈਣ ਦੇਣਾ-ਜੀਵਨ ਵਿੱਚ ਸੁਖ ਨਾ ਆਉਣ ਦੇਣਾ।
ਸਾਹ ਨਾਲ ਸਾਹ ਰਲ਼ਣਾ-ਔਖਾ ਕਾਰਜ ਸੰਪੰਨ ਹੋ ਜਾਣਾ, ਸੌਖਾ ਸਾਹ ਆਉਣਾ, ਘਬਰਾਹਟ ਤੋਂ ਮੁਕਤ ਹੋ ਜਾਣਾ।
ਸਾਹ ਪੀਤਾ ਜਾਣਾ-ਡਰ ਜਾਣਾ, ਚੁੱਪ ਸਾਧੀ ਜਾਣੀ।

ਲੋਕ ਸਿਆਣਪਾਂ/181