ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/185

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਿੱਕਾ ਬਿਠਾਉਣਾ-ਗਹਿਰਾ ਪ੍ਰਭਾਵ ਪਾ ਦੇਣਾ।
ਸ਼ਿਕਾਰ ਹੋਣਾ-ਕਾਬੂ ਆ ਜਾਣਾ।
ਸਿੰਗ ਸਮਾਣਾ-ਰਾਹ ਮਿਲਣਾ, ਓਟ ਮਿਲਣੀ।
ਸਿੱਟ ਪਸਿੱਟ ਕਰਨਾ-ਚੀਜ਼ਾਂ ਨੂੰ ਬੇਤਰਤੀਬੀ ਨਾਲ਼ ਸੁੱਟਣਾ।
ਸਿੱਧੇ ਹੱਥੀਂ ਦੇਣਾ-ਆਪਣੀ ਮਰਜ਼ੀ ਨਾਲ਼ ਕੋਈ ਚੀਜ਼ ਦੇਣੀ, ਖ਼ੁਸ਼ੀ-ਖ਼ੁਸ਼ੀ ਦੇ ਦੇਣੀ।
ਸਿੱਧੇ ਮੂੰਹ ਗੱਲ ਨਾ ਕਰਨੀ-ਦੂਜੇ ਦੀ ਗੱਲ ਵੱਲ ਧਿਆਨ ਨਾ ਦੇਣਾ, ਹੰਕਾਰ ਵਖਾਉਣਾ।
ਸਿੱਧੇ ਰਾਹ 'ਤੇ ਲਿਆਉਣਾ-ਠੀਕ ਰਸਤੇ 'ਤੇ ਲੈ ਆਉਣਾ, ਸਮਝਾ ਕੇ ਜਾਂ ਮਾਰ ਕੁਟਾਈ ਕਰਕੇ ਮਨਾ ਲੈਣਾ।
ਸਿਰ ਉੱਚਾ ਕਰਨਾ-ਆਦਰ ਸਤਿਕਾਰ ਦੇ ਯੋਗ ਹੋ ਜਾਣਾ।
ਸਿਰ ਉੱਤੇ ਰੱਖਣਾ-ਸਹਾਰਾ ਦੇਣਾ, ਆਸਰਾ ਦੇਣਾ।
ਸਿਰ ਉੱਤੇ ਪਹਾੜ ਆ ਡਿੱਗਣਾ-ਬਹੁਤ ਭਾਰੀ ਜ਼ਿੰਮੇਵਾਰੀ ਗਲ਼ ਪੈ ਜਾਣੀ।
ਸਿਰ ਉੱਤੇ ਪਾਣੀ ਲੰਘਣਾ-ਮੁਸੀਬਤ ਦੀ ਅਤਿ ਹੋ ਜਾਣੀ, ਵਿਤੋਂ ਬਾਹਰ ਹੋ ਜਾਣਾ।
ਸਿਰ ਸਿਹਰਾ ਆਉਣਾ-ਕਿਸੇ ਕੰਮ ਦੀ ਕਾਮਯਾਬੀ ਤੇ ਵਡਿਆਈ ਪ੍ਰਾਪਤ ਕਰਨੀ।
ਸਿਰ ਸੁੱਟ ਦੇਣਾ- ਈਨ ਮੰਨਣਾ, ਹਾਰ ਮੰਨਣੀ, ਆਪਣੇ ਆਪ ਨੂੰ ਕਿਸੇ ਨੂੰ ਸੌਂਪ ਦੇਣਾ।
ਸਿਰ ਹੋਣਾ-ਅਜਾਈਂ ਗਲ਼ ਪੈ ਜਾਣਾ।
ਸਿਰ ਖਪਾਉਣਾ-ਬੇਥਵੀਆਂ ਗੱਲਾਂ ਮਾਰ ਮਾਰ ਕੇ ਅਕਾ ਦੇਣਾ।
ਸਿਰ ਖਾਣਾ-ਫ਼ਜ਼ੂਲ ਗੱਲਾਂ ਕਰਕੇ ਤੰਗ ਕਰਨਾ, ਖਪਾਉਣਾ।
ਸਿਰ ਖ਼ਾਲੀ ਹੋ ਜਾਣਾ-ਬਹੁਤਾ ਬੋਲਣ ਜਾਂ ਕੰਮ ਕਰਨ ਕਰਕੇ ਥੱਕ ਜਾਣਾ, ਸਿਰ ਦਾ ਕਮਜ਼ੋਰ ਹੋ ਜਾਣਾ।
ਸਿਰ ਖ਼ੁਰਕਣ ਦੀ ਵਿਹਲ ਨਾ ਹੋਣੀ-ਬਹੁਤ ਰੁੱਝੇ ਹੋਣਾ, ਉੱਕਾ ਹੀ ਵਿਹਲ ਨਾ ਹੋਣੀ।
ਸਿਰ ਖੇਹ ਪਾਉਣੀ-ਖ਼ੁਨਾਮੀ ਹੋਣੀ, ਬੇਇਜ਼ਤੀ ਹੋਣੀ।
ਸਿਰ ਚੜ੍ਹ ਕੇ ਮਰਨਾ-ਕਿਸੇ ਦੂਜੇ ਕਾਰਨ ਮੌਤ ਸਹੇੜਨੀ।

ਲੋਕ ਸਿਆਣਪਾਂ/183