ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਿਰ ਪਿੱਟਣਾ-ਸਧਾਰਨ ਬੁੱਧੀ ਵਾਲ਼ੇ ਨੂੰ ਸਮਝਾ ਸਮਝਾ ਕੇ ਥੱਕ ਜਾਣਾ।
ਸਿਰ ਪੈਰ ਨਾ ਹੋਣਾ-ਗੱਲ ਵਿੱਚ ਸੱਚਾਈ ਨਾ ਹੋਣੀ, ਗੱਲ ਦੀ ਸਮਝ ਨਾ ਲੱਗਣੀ।
ਸਿਰ ਫਿਰਨਾ-ਪਾਗਲ ਹੋ ਜਾਣਾ, ਮੱਤ ਮਾਰੀ ਜਾਣੀ।
ਸਿਰ ਫੇਰ ਦੇਣਾ-ਨਾਂਹ ਕਰ ਦੇਣੀ।
ਸਿਰ ਭਾਰੀ ਹੋਣਾ-ਸਿਰ ਦਰਦ ਹੋਣਾ।
ਸਿਰ ਭੁੱਬਲ ਪੈਣਾ-ਬਦਨਾਮੀ ਹੋਣੀ, ਬੇਇੱਜ਼ਤੀ ਹੋਣੀ।
ਸਿਰ ਮੱਥੇ ਮੰਨਣਾ-ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰਨਾ, ਮੰਨਣਾ।
ਸਿਰ ਮਾਰਨਾ-ਨਾਂਹ ਕਰਨੀ, ਕਿਸੇ ਨੂੰ ਸਮਝਾਉਣ ਦਾ ਵਿਅਰਥ ਯਤਨ ਕਰਨਾ।
ਸਿਰ ਮੁਨਾ ਕੇ ਭੱਦਰਾਂ ਪੁੱਛਣਾ-ਕੰਮ ਵਿਗਾੜਨ ਪਿੱਛੋਂ ਸੁਰਤ ਆਉਣੀ।
ਸਿਰ ਮੁਨਾਣਾ-ਸਭ ਕੁਝ ਗੰਵਾ ਦੇਣਾ, ਤਬਾਹ ਹੋ ਜਾਣਾ।
ਸਿਰ ਮੂੰਹ ਸਾੜਨਾ-ਮਿਹਨਤ ਕਰਨੀ, ਚੁੱਲ੍ਹੇ ਅੱਗੇ ਔਖੇ ਹੋ ਕੇ ਕੰਮ ਕਰਨਾ।
ਸਿਰ ਲੁਕਾਉਣਾ-ਆਸਰਾ ਲੱਭਣਾ, ਓਟ ਤੱਕਣੀ।
ਸਿਰ ਲੈ ਲੈਣਾ-ਸਹੇੜ ਲੈਣਾ, ਆਪਣੇ ਗਲ਼ ਪੁਆ ਲੈਣਾ, ਆਪਣੇ ਜੁੰਮੇ ਲੈ ਲੈਣਾ, ਪ੍ਰਵਾਨ ਕਰਨਾ।
ਸਿਰਾਂ ਦੀ ਬਾਜ਼ੀ ਲਾਉਣੀ-ਮੌਤ ਸਹੇੜਨ ਨੂੰ ਤਿਆਰ ਹੋ ਜਾਣਾ, ਹਰ ਕੁਰਬਾਨੀ ਦੇਣ ਨੂੰ ਰਾਜ਼ੀ ਹੋ ਜਾਣਾ।
ਸਿਰੇ ਚਾੜ੍ਹਨਾ-ਸਫ਼ਲਤਾ ਤੱਕ ਪਹੁੰਚਾਉਣਾ, ਕਾਮਯਾਬ ਕਰਨਾ।
ਸਿਰੋਂ ਨੰਗੀ ਹੋਣਾ-ਵਿਧਵਾ ਹੋ ਜਾਣਾ।
ਸਿਰੋਂ ਬਲਾ ਟਾਲ਼ਣਾ-ਮੁਸੀਬਤ 'ਚੋਂ ਨਿਕਲਣਾ, ਸਿਰ 'ਤੇ ਪਈ ਔਕੜ ਦੂਰ ਹੋਣੀ।
ਸੀ ਨਾ ਕਰਨਾ-ਕੂਣਾ ਤੱਕ ਨਾ, ਦੁਖ ਪੀ ਜਾਣਾ।
ਸੀਖ ਪਾ ਹੋਣਾ-ਬਹੁਤ ਦੁਖੀ ਹੋਣਾ, ਦਿਲ ਤੇ ਡੂੰਘਾ ਅਸਰ ਹੋਣਾ।
ਸੀਨੇ ਸੱਟ ਲਾਣਾ-ਹਿਰਦੇ ’ਤੇ ਚੋਟ ਲੱਗਣੀ।
ਸੀਨੇ ਪ੍ਰੇਮ ਮੁਆਤਾ ਲੱਗਣਾ-ਪਿਆਰ ਹੋ ਜਾਣਾ।
ਸੀਨੇ ਵਿੱਚ ਸੂਲਾਂ ਚੁਭਣੀਆਂ-ਦਿਲ ਵਿੱਚ ਦੁਖ ਮਹਿਸੂਸ ਕਰਨਾ।
ਸੀਨੇ ਵਿੱਚ ਚੁਭਣਾ-ਕਿਸੇ ਵੱਲੋਂ ਮਾਰੇ ਤਾਹਨੇ ਮਿਹਣੇ ਦਾ ਦੁੱਖ ਲੱਗਣਾ।

ਲੋਕ ਸਿਆਣਪਾਂ/185