ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅੱਖਾਂ ਨੇ ਨਾ ਖਾਧਾ ਤਾ ਮੂੰਹ ਨੇ ਕੀ ਖਾਣਾ ਏ——ਜਦੋਂ ਕੋਈ ਭੋਜਨ ਜਾਂ ਚੀਜ਼ ਵੇਖਣ ਨੂੰ ਚੰਗੀ ਨਾ ਲੱਗੇ ਉਸ ਨੂੰ ਖਾਣ ਨੂੰ ਜੀ ਨਹੀਂ ਕਰਦਾ।

ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ——ਭਾਵ ਇਹ ਨੇਤਰਹੀਣ ਬੰਦੇ ਲਈ ਰੰਗ ਬਿਰੰਗੀ ਦੁਨੀਆਂ ਬੇਰੰਗ ਹੋ ਜਾਂਦੀ ਹੈ ਅਤੇ ਦੰਦ ਹੀਣ ਬੰਦੇ ਲਈ ਸੁਆਦੀ ਭੋਜਨ ਖਾਣ ਯੋਗ ਨਹੀਂ ਰਹਿੰਦੇ।

ਅੱਖੋਂ ਦਿਸੇ ਨਾ, ਨਾਂ ਨੂਰ ਭਰੀ——ਇਹ ਅਖਾਣ ਕਿਸੇ ਬੰਦੇ ਦੀ ਅਸਲੀਅਤ ਅਤੇ ਨਾਂ ਵਿਚਲੇ ਫ਼ਰਕ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਅੱਖੀਂ ਦਿਸੇ ਨਾ, ਨਾਂ ਨੈਣ ਸੁੱਖ——ਇਹ ਅਖਾਣ ਵੀ ਉਪਰੋਕਤ ਅਖਾਣ ਵਾਂਗ ਹੀ ਹੈ।

ਅੱਖੀਂ ਵੇਖ ਕੇ ਮੱਖੀ ਨਹੀਂ ਖਾਧੀ ਜਾਂਦੀ——ਕਿਸੇ ਮਾੜੇ ਬੰਦੇ ਦੇ ਐਬ ਜਾਣਦਿਆਂ ਹੋਇਆਂ ਉਹਦੇ ਨਾਲ਼ ਸਾਂਝ ਭਿਆਲੀ ਨਹੀਂ ਪਾਈ ਜਾ ਸਕਦੀ।

ਅੱਖੋਂ ਓਹਲੇ, ਘੱਤ ਭੜੋਲੇ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ।

ਅੱਖੋਂ ਅੰਨ੍ਹੀ, ਮਮੀਰੇ ਦਾ ਸੁਰਮਾ——ਇਹ ਉਦੋਂ ਕਹਿੰਦੇ ਹਨ ਜਦੋਂ ਕੋਈ ਬੰਦਾ ਆਪਣੀ ਹੈਸੀਅਤ, ਅਸਲੀਅਤ ਅਤੇ ਸੁਭਾਅ ਦੇ ਉਲਟ ਮਹਿੰਗੀ ਵਸਤੂ ਦੀ ਵਰਤੋਂ ਕਰੇ।

ਅੱਗ ਅੱਗ ਕਰਦਿਆਂ ਮੂੰਹ ਨਹੀਂ ਸੜਦਾ——ਭਾਵ ਇਹ ਕਿ ਕਿਸੇ ਪੁਰਸ਼ ਦਾ ਨਾਂ ਬਾਰ ਬਾਰ ਲੈਣ ਨਾਲ਼ ਉਸ ਦਾ ਕੋਈ ਅਸਰ ਨਹੀਂ ਪੈਂਦਾ।

ਅੱਗ ਖਾਏ ਅੰਗਿਆਰ ਹੱਗੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਹੋ ਜਿਹਾ ਤੁਸੀਂ ਕਰਮ ਕਰੋਗੇ ਉਹੋ ਜਿਹਾ ਹੀ ਉਸ ਦਾ ਫ਼ਲ ਮਿਲੇਗਾ।

ਅੱਗ ਜਾਣੇ ਲੁਹਾਰ ਜਾਣੇ, ਫੂਕਣੀ ਵਾਲ਼ੇ ਦੀ ਜਾਣੇ ਬਲਾ——ਇਸ ਅਖਾਣ ਦਾ ਭਾਵ ਹੈ ਕਿ ਜਦੋਂ ਦੋ ਧਿਰਾਂ ਆਪਸ ਵਿੱਚ ਝਗੜ ਰਹੀਆਂ ਹੋਣ ਤਾਂ ਤੀਜੀ ਧਿਰ ਉਹਨਾਂ ਵਿੱਚ ਅਜਾਈਂ ਦਖ਼ਲ ਨਾ ਦੇਵੇ। ਲੜਾਈ ਪਵਾਉਣ ਵਾਲ਼ੇ ਨੂੰ ਕੀ ਝਗੜਨ ਵਾਲ਼ੇ ਆਪੇ ਹੀ ਨਿਬੇੜਾ ਕਰ ਲੈਣਗੇ।

ਅੱਗ ਦਾ ਸੜਿਆ ਟਟਹਿਣੇ ਤੋਂ ਵੀ ਡਰਦਾ ਹੈ——ਜਿਹੜਾ ਪੁਰਸ਼ ਇਕ ਵਾਰੀ ਕਿਸੇ ਕੰਮ ਵਿੱਚ ਧੋਖਾ ਖਾ ਜਾਵੇ ਉਹ ਅੱਗੇ ਤੋਂ ਬੜਾ ਸਾਵਧਾਨ ਤੇ ਸੁਚੇਤ ਹੋ ਕੇ ਕਦਮ ਚੁਕਦਾ ਹੈ।

ਅੱਗ ਪਾਣੀ ਦਾ ਮੇਲ ਨਹੀਂ ਹੁੰਦਾ——ਦੋ ਵੱਖਰੇ-ਵੱਖਰੇ ਵਿਚਾਰਾਂ ਤੇ ਸੁਭਾਵਾਂ ਵਾਲੇ ਵਿਅਕਤੀਆਂ ਦਾ ਇਕੋ ਥਾਂ ਰਹਿਣਾ ਸੰਭਵ ਨਹੀਂ, ਦੋਨੋਂ ਰਲ਼ਕੇ ਕੰਮ ਨਹੀਂ ਕਰ ਸਕਦੇ।

ਅੱਗ ਬਿਨਾ ਧੁਆਂ ਨਹੀਂ ਨਿਕਲਦਾ——ਇਸ ਅਖਾਣ ਦਾ ਭਾਵ ਇਹ ਹੈ ਕਿ ਹਰ

ਲੋਕ ਸਿਆਣਪਾਂ/17