ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/195

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ-ਬਹੁਤ ਚਲਾਕ ਹੋਣਾ, ਕਈ ਦੇਸਾਂ ਦੇ ਸਫ਼ਰ ਦਾ ਤਜ਼ਰਬਾ ਹੋਣਾ।
ਕਸਰ ਕੱਢਣਾ-ਦਿਲ ਦੀ ਤਮੰਨਾ ਪੂਰੀ ਕਰਨੀ, ਪੂਰਾ ਬਦਲਾ ਲੈ ਲੈਣਾ, ਘਾਟਾ ਪੂਰਾ ਕਰ ਲੈਣਾ।
ਕਸਵੱਟੀ 'ਤੇ ਲਾਉਣਾ-ਪਰਖਣਾ, ਮਿਆਰ ਨਾਪਣਾ।
ਕਹੀ ਸੁਣੀ ਨਾ ਲੱਗਣੀ-ਗੱਲ ਨਾ ਮੰਨਣੀ, ਕਹੇ ਸੁਣੇ ਜਾਂ ਸਮਝਾਏ ਦਾ ਅਸਰ ਨਾ ਕਰਨਾ।
ਕਹੇ ਤੋਂ ਬਾਹਰ ਹੋਣਾ-ਹੁਕਮ ਨਾ ਮੰਨਣਾ, ਆਪ ਹੁਦਰੀਆਂ ਕਰਨੀਆਂ।
ਕੱਖ ਨਾ ਰਹਿਣਾ-ਸਭ ਕੁਝ ਮਲੀਆਮੇਟ ਹੋ ਜਾਣਾ, ਬਹੁਤ ਨੁਕਸਾਨ ਹੋਣਾ, ਵਣਜ ਵਿੱਚ ਘਾਟਾ ਪੈ ਜਾਣਾ।
ਕੱਖ ਭੰਨ ਕੇ ਦੂਹਰਾ ਨਾ ਕਰਨਾ-ਕੋਈ ਕੰਮ ਨਾ ਕਰਨਾ, ਵਿਹਲਾ ਰਹਿਣਾ।
ਕੱਖਾਂ ਤੋਂ ਹੌਲ਼ਾ ਹੋ ਜਾਣਾ-ਗ਼ਰੀਬੀ ਆ ਜਾਣੀ, ਬਹੁਤ ਸਧਾਰਨ ਹੈਸੀਅਤ ਰਹਿ ਜਾਣੀ।
ਕੱਚ ਤੋਂ ਕੰਚਨ ਬਣਾ ਦੇਣਾ-ਗੁਣਹੀਨ ਮਨੁੱਖ ਨੂੰ ਗੁਣੀ ਬਣਾ ਦੇਣਾ।
ਕੱਚਾ ਕਰਨਾ-ਸ਼ਰਮਿੰਦਾ ਕਰਨਾ।
ਕੱਚੀ ਤੰਦ ਟੁੱਟ ਜਾਣਾ-ਮਾੜਾ ਆਸਰਾ ਵੀ ਜਾਂਦਾ ਰਹਿਣਾ।
ਕੱਚੀਆਂ ਗੋਲ਼ੀਆਂ ਖੇਡਣਾ-ਭੋਲਾ ਭਾਲਾ ਹੋਣਾ, ਸਧਾਰਨ ਬੁੱਧੀ ਦਾ ਮਾਲਕ ਹੋਣਾ।
ਕੱਚੇ ਘੜੇ ਪਾਣੀ ਭਰਨਾ-ਔਖੀ ਤੋਂ ਔਖੀ ਸੇਵਾ ਕਰਨੀ।
ਕਚੂਮਰ ਕੱਢਣਾ-ਬੁਰੀ ਤਰ੍ਹਾਂ ਫੇਹ ਦੇਣਾ, ਮਾਰਨਾ।
ਕੱਛਾਂ ਮਾਰਨੀਆਂ-ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ।
ਕੱਜ ਕੇ ਰੱਖਣਾ-ਐਬਾਂ ਨੂੰ ਢੱਕ ਕੇ ਰੱਖਣਾ, ਪਰਦਾ ਪਾਉਣਾ।
ਕਣਕ ਨਾਲ ਘੁਣ ਪਿਸਣਾ-ਦੋਸ਼ੀ ਨਾਲ਼ ਲੱਗਕੇ ਬੇਦੋਸ਼ਾ ਮਾਰਿਆ ਜਾਣਾ।
ਕਦਮ ਭਾਰੇ ਹੋਣਾ-ਚਿੰਤਾ ਵਿੱਚ ਰੁੱਕ ਜਾਣਾ, ਉਦਾਸ ਹੋ ਜਾਣਾ।
ਕਦਮਾਂ ਹੇਠ ਅੱਖਾਂ ਵਛਾਉਣਾ-ਆਦਰ, ਮਾਣ ਕਰਨਾ, ਆਓ ਭਗਤ ਕਰਨਾ।
ਕਦਮਾਂ 'ਤੇ ਡੁੱਲ੍ਹ ਜਾਣਾ-ਕੁਰਬਾਨ ਹੋ ਜਾਣਾ, ਸਦਕੇ ਜਾਣਾ।

ਲੋਕ ਸਿਆਣਪਾਂ/193