ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/196

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੱਪੜਿਆਂ ਤੋਂ ਬਾਹਰ ਹੋਣਾ-ਆਪਣੇ ਆਪ 'ਤੇ ਕਾਬੂ ਨਾ ਰਹਿਣਾ, ਗੁੱਸੇ ਨਾਲ਼ ਭਰ ਜਾਣਾ।
ਕੱਪੜਿਆਂ ਵਿੱਚ ਨਾ ਸਮਾਉਣਾ-ਬਹੁਤ ਖ਼ੁਸ਼ੀ ਮਹਿਸੂਸ ਕਰਨੀ, ਮਾਣ ਕਰਨਾ।
ਕੱਪੜੇ ਪਾੜ ਕੇ ਨਿਕਲ਼ਣਾ-ਬਦੋ-ਬਦੀ ਆਪ ਨੂੰ ਜ਼ਾਹਿਰ ਕਰਨਾ।
ਕੱਪੜੇ ਲਾਹੁਣਾ-ਸਭ ਕੁਝ ਲੁੱਟ ਲੈਣਾ, ਠੱਗੀ ਮਾਰਨੀ।
ਕਪਾਟ ਖੋਲ੍ਹਣਾ-ਅਜਿਹੀ ਗੱਲ ਆਖਣੀ ਜਿਸ ਨਾਲ਼ ਸੁਨਣ ਵਾਲਾ ਹੈਰਾਨ ਹੋ ਜਾਵੇ, ਸਾਰੇ ਸ਼ੰਕੇ ਨਵਿਰਤ ਹੋ ਜਾਣ।
ਕਬਰ ਕਨਾਰੇ ਹੋਣਾ-ਮੌਤ ਦੇ ਕੰਢੇ ਹੋਣਾ।
ਕਬਰਾਂ ਦੇ ਮੁਰਦੇ ਫੋਲਣਾ-ਵਿੱਸਰ ਚੁੱਕੀਆਂ ਗੱਲਾਂ ਯਾਦ ਕਰਨੀਆਂ।
ਕਮਰ ਕੱਸੇ ਕਰਨੇ-ਕੋਈ ਕੰਮ ਕਰਨ ਲਈ ਤਿਆਰੀ ਕਰਨੀ।
ਕਰਨੀ ਭਰਨੀ-ਆਪਣੇ ਵੱਲੋਂ ਕੀਤੇ ਮਾੜੇ ਕੰਮ ਦਾ ਨਤੀਜਾ ਭੁਗਤਣਾ, ਦੁਖ ਭੋਗਣਾ।
ਕਰਮ ਸੜੇ ਹੋਣੇ-ਮਾੜੀ ਕਿਸਮਤ ਵਾਲ਼ਾ ਹੋਣਾ।
ਕਲ੍ਹਾ ਮੁੱਕਣੀ-ਝਗੜਾ-ਕਲੇਸ਼ ਮੁੱਕ ਜਾਣਾ।
ਕਲਮ ਚਲਾਉਣਾ-ਲਿਖਣਾ, ਹੁਕਮ ਚਲਾਉਣਾ।
ਕਲਮ ਫੇਰਨਾ-ਲਿਖੇ ਹੋਏ ਨੂੰ ਰੱਦੀ ਕਰਕੇ ਕੱਟ ਦੇਣਾ।
ਕਲਮ ਲਾਉਣੀ-ਕਿਸੇ ਬੂਟੇ ਦੀ ਟਾਹਣੀ ਕੱਟਕੇ ਦੂਜੀ ਥਾਂ ਧਰਤੀ 'ਚ ਦੱਬਣੀ।
ਕੱਲਰ ਦਾ ਕੰਵਲ ਹੋਣਾ-ਅਣਸੁਖਾਵੇਂ ਹਾਲਾਤਾਂ 'ਚੋਂ ਉਠ ਕੇ ਉੱਨਤੀ ਕਰਨੀ, ਚੰਗਾ ਵਿਅਕਤੀ ਬਣਨਾ।
ਕਲੀ ਖੋਲ੍ਹਣਾ-ਭੇਦ ਜ਼ਾਹਿਰ ਕਰਨਾ, ਅੰਦਰਲਾ ਧੋਖਾ ਪ੍ਰਗਟ ਕਰ ਦੇਣਾ।
ਕਲੀ ਮੁਰਝਾ ਜਾਣੀ-ਉਦਾਸ ਹੋ ਜਾਣਾ, ਦਿਲ ਢਹਿ ਜਾਣਾ।
ਕਲੇਜਾ ਸਲਣਾ-ਦੁਖੀ ਕਰਨਾ, ਦੂਜੇ ਨੂੰ ਅਜਿਹੀ ਗੱਲ ਕਹਿਣੀ ਜਿਸ ਨਾਲ਼ ਅਗਲਾ ਦੁਖੀ ਹੋ ਜਾਵੇ।
ਕਲੇਜਾ ਕੰਬ ਜਾਣਾ-ਡਰ ਪੈ ਜਾਣਾ, ਸਹਿਮ ਜਾਣਾ, ਘਬਰਾ ਜਾਣਾ।
ਕਲੇਜਾ ਠੰਡਾ ਹੋਣਾ-ਤਸੱਲੀ ਹੋਣੀ, ਖ਼ੁਸ਼ੀ ਹੋਣੀ।
ਕਲੇਜਾ ਡਿਗੂੰ ਡਿਗੂੰ ਕਰਨਾ-ਡਰ ਕਾਰਨ ਦਿਲ ਦੀ ਧੜਕਣ ਤੇਜ਼ ਹੋ ਜਾਣੀ।
ਕਲੇਜਾ ਪਾਟਣ ਲੱਗਣਾ-ਦਿਲ 'ਤੇ ਸੱਟ ਵੱਜਣੀ।
ਕਲੇਜਾ ਫੜਕੇ ਬਹਿ ਜਾਣਾ-ਅਤਿ ਦੁਖੀ ਹੋਣਾ, ਦੁਖ ਸਹਾਰਿਆ ਨਾ ਜਾਣਾ।

ਲੋਕ ਸਿਆਣਪਾਂ/194