ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੈਰੀ ਅੱਖ ਰੱਖਣਾ-ਬੁਰੀ ਨਿਗਾਹ ਨਾਲ਼ ਝਾਕਣਾ, ਚੰਗਾ ਨਾ ਸਮਝਣਾ, ਗੁੱਸੇ ਨਾਲ਼ ਦੇਖਣਾ।
ਕੋਈ ਮੁਕਾਬਲਾ ਨਾ ਹੋਣਾ-ਆਪਸ ਵਿੱਚ ਬਹੁਤ ਫ਼ਰਕ ਹੋਣਾ।
ਕੋਈ ਰਾਹ ਨਾ ਲੱਭਣਾ-ਕਿਸੇ ਸਮੱਸਿਆ ਦਾ ਕੋਈ ਹੱਲ ਨਾ ਲੱਭਣਾ।
ਕੋਠੀ ਸੱਖਣੀ ਹੋਣੀ-ਬਹੁਤ ਗਰੀਬ ਹੋਣਾ, ਘਰ ਦਾਣੇ ਨਾ ਹੋਣ।
ਕੋਠੇ ਜਿੱਡੀ ਹੋਣਾ-ਕੁੜੀ ਦਾ ਮੁਟਿਆਰ ਹੋ ਜਾਣਾ, ਜਵਾਨ ਹੋਣਾ।
ਕੋਠੇ ਟੱਪਣੇ-ਪਰਾਏ ਘਰ ਵੱਲ ਝਾਕਣਾ।
ਕੋਠੇ 'ਤੇ ਚੜ੍ਹ ਕੇ ਨੱਚਣਾ-ਕੋਈ ਸ਼ਰਮ ਹਯਾ ਨਾ ਰੱਖਣੀ।
ਕੋਰਾ ਜਵਾਬ ਦੇਣਾ-ਟਕੇ ਵਰਗਾ ਜਵਾਬ ਦੇ ਦੇਣਾ, ਬੇਨਤੀ ਨਾ ਮੰਨਣੀ, ਨਾਂਹ ਕਰ ਦੇਣੀ।
ਕ੍ਰੋਧ ਨਾਲ਼ ਲਾਲ ਹੋਣਾ-ਪੂਰੇ ਗੁੱਸੇ ਵਿੱਚ ਆਉਣਾ, ਗੁੱਸੇ ਵਿੱਚ ਅੱਖਾਂ ਲਾਲ ਕਰ ਲੈਣੀਆਂ।
ਕੌਡੀ ਕੰਮ ਦਾ ਨਾ ਹੋਣਾ-ਨਿਕੰਮਾ ਹੋਣਾ, ਬੇਕਾਰ ਹੋਣਾ।
ਕੌਲ ਪਾਲਣਾ-ਇਕਰਾਰ ਪੂਰਾ ਕਰਨਾ।
ਕੌੜ ਚੜ੍ਹਨਾ-ਗੁੱਸੇ 'ਚ ਆਉਣਾ।
ਕੌੜਾ ਘੁੱਟ ਭਰਨਾ-ਨਾ-ਪਸੰਦ ਚੀਜ਼ ਵੀ ਪ੍ਰਵਾਨ ਕਰ ਲੈਣੀ, ਮਾੜੀ ਗੱਲ ਨੂੰ ਜਰ ਜਾਣਾ।
ਕੌੜਾ ਬੋਲਣਾ-ਗੁੱਸੇ ਵਿੱਚ ਮਾੜੇ ਬੋਲ ਬੋਲਣੇ।
ਕੌੜਾ ਲੱਗਣਾ-ਵਿਰੋਧੀ ਦੀ ਸੱਚੀ ਆਖੀ ਗੱਲ ਵੀ ਮਾੜੀ ਲੱਗਣੀ।
ਕੰਘਾ ਹੋ ਜਾਣਾ-ਨੁਕਸਾਨ ਹੋ ਜਾਣਾ, ਤਬਾਹੀ ਹੋ ਜਾਣੀ।
ਕੰਠ ਕਰਨਾ-ਜ਼ਬਾਨੀ ਯਾਦ ਕਰਨਾ।
ਕੰਡ ਲਾਉਣਾ-ਹਰਾ ਦੇਣਾ।
ਕੰਡ ਲਾਉਣੀ-ਪਿੱਠ ਦੇਣੀ, ਸਾਥ ਛੱਡ ਦੇਣਾ।
ਕੰਡਾ ਕੱਢਣਾ-ਵਿਰੋਧੀ ਨੂੰ ਮਾਰ ਦੇਣਾ, ਨਾ-ਪਸੰਦ ਵਸਤੂ ਨੂੰ ਰਾਹ 'ਚੋਂ ਚੁੱਕਣਾ, ਵੈਰੀ ਦਾ ਫਸਤਾ ਵੱਢ ਦੇਣਾ।
ਕੰਡੇ ਬੀਜਣੇ-ਕਿਸੇ ਨਾਲ ਬੁਰਿਆਈ ਕਰਨੀ, ਮਾੜੇ ਕੰਮ ਕਰਨੇ ਜਿਨ੍ਹਾਂ ਨਾਲ ਅੱਗੇ ਜਾ ਕੇ ਨੁਕਸਾਨ ਹੋਵੇ।
ਕੰਧ ਉਸਾਰਨਾ-ਭਾਈਆਂ ਵਿੱਚ ਵੰਡੀਆਂ ਪਾਉਣੀਆਂ, ਬੇ-ਇਤਫ਼ਾਕੀ ਪਾਉਣੀ।

ਲੋਕ ਸਿਆਣਪਾਂ/197