ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/210

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਘਰ ਦੀ ਲੰਕਾ ਫੂਕਣਾ-ਆਪਣਾ ਨੁਕਸਾਨ ਆਪ ਕਰਨਾ।
ਘਰ ਨੂੰ ਸਿਆਣਾ ਹੋਣਾ-ਆਪਣਾ ਨੁਕਸਾਨ ਨਾ ਹੋਣ ਦੇਣਾ।
ਘਰ ਪਾਟਣਾ-ਭਰਾਵਾਂ ਵਿੱਚ ਫੁੱਟ ਪੈ ਜਾਣੀ, ਇਤਫ਼ਾਕ ਨਾ ਰਹਿਣਾ।
ਘਰ ਪੂਰਾ ਕਰਨਾ-ਪੂਰੀ ਤਸੱਲੀ ਕਰਵਾਉਣੀ, ਪੂਰਾ ਹੱਕ ਦੇਣਾ।
ਘਰ ਫੂਕ ਤਮਾਸ਼ਾ ਦੇਖਣਾ-ਆਪਣਾ ਘਰ ਬਰਬਾਦ ਕਰਕੇ ਮੌਜ ਮਸਤੀ ਕਰਨਾ।
ਘਰ ਭੰਨਣਾ-ਕੰਧ ਪਾੜਕੇ ਚੋਰੀ ਕਰਨੀ, ਸੰਨ੍ਹ ਮਾਰਨੀ।
ਘਰੋਂ ਘਾਟੋ ਜਾਣਾ-ਬੁਰੀ ਤਰ੍ਹਾਂ ਬਰਬਾਦ ਹੋ ਜਾਣਾ, ਬੇਘਰ ਹੋ ਜਾਣਾ।
ਘੜਿਆ ਘੜਾਇਆ ਉੱਤਰ ਦੇਣਾ-ਪਹਿਲਾਂ ਸੋਚਿਆ ਉੱਤਰ ਦੇ ਕੇ ਗੱਲ ਟਾਲ਼ ਦੇਣੀ।
ਘੜੀ 'ਚ ਤੋਲਾ ਘੜੀ 'ਚ ਮਾਸਾ ਹੋਣਾ-ਛੇਤੀ ਰੁੱਸ ਜਾਣਾ ਤੇ ਛੇਤੀ ਹੀ ਦਿਆਲ ਹੋ ਜਾਣਾ, ਤਰੁੱਠ ਪੈਣਾ।
ਘੜੀਆਂ ਗਿਣਨਾ-ਘਬਰਾਹਟ ਵਿੱਚ ਸਮਾਂ ਬਤੀਤ ਕਰਨਾ।
ਘੜੀਆਂ ਪਲਾਂ ਤੇ ਹੋਣਾ-ਮਰਨ ਕੰਢੇ ਹੋਣਾ।
ਘਾਣ ਬੱਚਾ ਪੀੜਿਆ ਜਾਣਾ-ਪੂਰੀ ਤਰ੍ਹਾਂ ਬਰਬਾਦ ਹੋ ਜਾਣਾ, ਕੁਝ ਵੀ ਨਾ ਬਚਣਾ।
ਘਾਪਾ ਮੇਲਣਾ-ਅਧੂਰੀ ਥਾਂ ਪੂਰੀ ਕਰਨੀ, ਖ਼ਾਲੀ ਥਾਂ ਪੂਰਨੀ।
ਘਾਪਾ ਪੂਰਾ ਹੋਣਾ-ਥੁੱੜ-ਮੁੱਕ ਜਾਣੀ, ਘਾਟ ਪੂਰੀ ਹੋ ਜਾਣੀ, ਵਿਗੋਚਾ ਨਾ ਰਹਿਣਾ।
ਘਾਲਣਾ ਘਾਲਣੀ-ਕੁਰਬਾਨੀ ਦੇਣੀ, ਮਿਹਨਤ ਕਰਕੇ ਕੋਈ ਰੁਤਬਾ ਹਾਸਿਲ ਕਰਨਾ।
ਘਾਵਾਂ ਤੇ ਲੂਣ ਛਿੜਕਣਾ-ਸਤਾਏ ਹੋਏ ਨੂੰ ਹੋਰ ਸਤਾਉਣਾ, ਤਾਹਨੇ ਮਿਹਣ ਮਾਰਨੇ।
ਘਿਉ ਸ਼ੱਕਰ ਹੋਣਾ-ਆਪਸ ਵਿੱਚ ਘੁਲ਼-ਮਿਲ਼ ਜਾਣਾ, ਕੋਈ ਭੇਦਭਾਵ ਨਾ ਰੱਖਣਾ।
ਘਿਉ ਖਿੱਚੜੀ ਹੋਣਾ-ਆਪਸ ਵਿੱਚ ਡੂੰਘਾ ਪਿਆਰ ਪਾ ਲੈਣਾ, ਅਭੇਦ ਹੋ ਜਾਣਾ।
ਘਿਉ ਦੇ ਕੁੱਪੇ ਰੁੜ੍ਹਨੇ-ਬਹੁਤ ਹਾਨੀ ਹੋਣੀ, ਨੁਕਸਾਨ ਹੋ ਜਾਣਾ
ਘੁਸਰ ਮੁਸਰ ਕਰਨਾ-ਨੀਵੀਂ ਸੁਰ ਵਿੱਚ ਕੋਈ ਗੁਪਤ ਸਲਾਹ ਮਸ਼ਵਰਾ ਕਰਨਾ।
ਘੁੱਟ ਘੁੱਟ ਮਿਲਣਾ-ਪਿਆਰ ਨਾਲ ਮਿਲਣਾ, ਪਿਆਰ ਪਾਉਣਾ।

ਲੋਕ ਸਿਆਣਪਾਂ/208