ਸਮੱਗਰੀ 'ਤੇ ਜਾਓ

ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਹੁੰ ਬੰਦਿਆਂ ਵਿੱਚ ਬੈਠਣ ਵਾਲ਼ਾ-ਭਾਈਚਾਰੇ ਵਿੱਚ ਮਾਣ ਸਨਮਾਨ ਵਾਲ਼ਾ, ਇੱਜ਼ਤਦਾਰ ਵਿਅਕਤੀ।
ਚੱਕ ਬੰਨ੍ਹਣਾ-ਪਿੰਡ ਵਸਾਉਣਾ, ਪਿੰਡ ਦੀ ਨੀਂਹ ਰੱਖਣੀ।
ਚੱਕ ਮਾਰਨਾ-ਦੰਦੀ ਵੱਢਣੀ, ਦੁਖੀ ਕਰਨਾ, ਰਿਸ਼ਵਤ ਲੈਣੀ, ਵੱਢੀ ਲੈਣੀ।
ਚੱਕਰ ਬੰਨ੍ਹਣਾ-ਵਾਰ-ਵਾਰ ਗੇੜੇ ਮਾਰਨਾ।
ਚੱਕਰ ਵਿੱਚ ਪੈ ਜਾਣਾ-ਮਾੜੇ ਦਿਨ ਆਉਣੇ, ਬਿਪਤਾ ਵਿੱਚ ਪੈ ਜਾਣਾ।
ਚੱਕਰ ਵਿੱਚ ਪਾਉਣਾ-ਫ਼ਿਕਰਾਂ ਵਿੱਚ ਪਾ ਦੇਣਾ, ਚਿੰਤਾ ਲਾ ਦੇਣੀ
ਚੱਕਰੀ ਭਉਂ ਜਾਣੀ-ਸੁਰਤ ਟਿਕਾਣੇ ਸਿਰ ਨਾ ਰਹਿਣੀ, ਠੀਕ ਸਮਝ ਨਾ ਪੈਣੀ।
ਚੱਕੀ ਝੋਣਾ-ਨਾ ਮੁੱਕਣ ਵਾਲੀ ਗੱਲ ਛੇੜ ਲੈਣੀ।
ਚੱਟ ਕਰ ਜਾਣਾ-ਸਭ ਕੁਝ ਖਾ ਜਾਣਾ, ਖਾ ਕੇ ਪਲੇਟ ਸਾਫ਼ ਕਰ ਦੇਣੀ।
ਚੱਟ ਚੁੰਮ ਕੇ ਰੱਖਣਾ-ਬਹੁਤ ਲਾਡ ਪਿਆਰ ਨਾਲ਼ ਰੱਖਣਾ।
ਚੱਟਣੀ ਬਣਾ ਦੇਣੀ-ਕਿਸੇ ਨੂੰ ਮਾਰ ਕੁੱਟ ਕੇ ਹੱਸਲੀਆਂ ਪੱਸਲੀਆਂ ਤੋੜ ਦੇਣੀਆਂ।
ਚੱਟੀ ਪਈ ਹੋਣੀ-ਬਿਪਤਾ ਪੈ ਜਾਣੀ, ਵਿਗਾਰ ਗਲ ਪੈਣੀ।
ਚੱਡੇ ਗਾਟੇ ਕਰਨਾ-ਧੌਣ ਮਰੋੜ ਕੇ ਚੱਡਿਆਂ ਨਾਲ਼ ਲਾ ਦੇਣੀ, ਕਰਾਰੀ ਹਾਰ ਦੇਣੀ।
ਚੱਪਣੀ ਵਿੱਚ ਨੱਕ ਡੋਬ ਕੇ ਮਰਨਾ-ਸ਼ਰਮੋ ਸ਼ਰਮੀ ਹੋਣਾ, ਸ਼ਰਮ ਨਾਲ਼ ਮਰ ਜਾਣਾ।
ਚਪੜ ਚਪੜ ਕਰਨਾ-ਆਪਣੇ ਤੋਂ ਵੱਡੇ ਅੱਗੇ ਬਹੁਤ ਬੋਲਣਾ, ਗੁਸਤਾਖ਼ੀ ਕਰਨੀ।
ਚਮਕ ਉੱਠਣਾ-ਗੁੱਸੇ ਵਿੱਚ ਤੜਪ ਉੱਠਣਾ, ਗੁੱਸੇ ਨਾਲ ਅੱਖਾਂ 'ਚ ਡੋਰੇ ਚਮਕ ਪੈਣੇ।
ਚਲਦੀ ਗੱਡੀ ਵਿੱਚ ਰੋੜਾ ਅਟਕਾਉਣਾ-ਹੋ ਰਹੇ ਕੰਮ ਵਿੱਚ ਵਿਘਨ ਪਾਉਣਾ।
ਚੜ੍ਹ ਮਚਣੀ- ਕਿਸੇ ਦੀ ਬੱਲੇ ਬੱਲੇ ਹੋ ਜਾਣੀ, ਆਪਣੇ ਪੱਖ ਦੀ ਗੱਲ ਸੁਣ ਕੇ ਖੁਸ਼ ਹੋਣਾ।
ਚੜ੍ਹਦੀ ਕਲਾ ਵਿੱਚ ਹੋਣਾ-ਬੁਲੰਦ ਹੌਸਲੇ ਵਿੱਚ ਹੋਣਾ, ਸਦਾ ਉੱਚੀਆਂ ਉਡਾਰੀਆਂ ਲਾਉਣੀਆਂ।
ਚੜ੍ਹੀ ਲੱਥੀ ਦੀ ਨਾ ਹੋਣੀ-ਬੇਸ਼ਰਮ ਮਨੁੱਖ ਜਿਸ ਨੂੰ ਆਪਣੀ ਬੇਇੱਜ਼ਤੀ ਦਾ ਅਹਿਸਾਸ ਨਾ ਹੋਵੇ।
ਚਾਘੀਆਂ ਮਾਰਨੀਆਂ-ਕਿਸੇ ਦਾ ਨੁਕਸਾਨ ਹੋਏ ਤੇ ਖ਼ੁਸ਼ ਹੋਣਾ, ਮਖੌਲ ਕਰਨਾ।

ਲੋਕ ਸਿਆਣਪਾਂ/210