ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/220

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਨ ਖਾਣਾ-ਬਹੁਤ ਹੀ ਤੰਗ ਕਰਨਾ।
ਜਾਨ ਗਾਲ਼ਣਾ-ਫ਼ਿਕਰ ਜਾਂ ਮਿਹਨਤ ਨਾਲ ਕੰਮ 'ਚ ਰੁੱਝ ਜਾਣਾ, ਸਿਹਤ ਖ਼ਰਾਬ ਕਰ ਲੈਣੀ।
ਜਾਨ ਛੁੱਟਣੀ-ਕਿਸੇ ਮੁਸੀਬਤ ਤੋਂ ਖਹਿੜਾ ਛੁੱਟ ਜਾਣਾ।
ਜਾਨ ਤਲੀ 'ਤੇ ਧਰਨਾ-ਜਾਨ ਦਾ ਖ਼ਤਰਾ ਮੁੱਲ ਲੈ ਕੇ ਕੰਮ ਕਰਨਾ।
ਜਾਨ ਤੇ ਬਣਨੀ-ਜ਼ਿੰਦਗੀ ਖ਼ਤਰੇ 'ਚ ਪੈ ਜਾਣੀ, ਕੋਈ ਮੁਸੀਬਤ ਗਲ਼ ਪੈ ਜਾਣੀ।
ਜਾਨ ਤੋੜ ਕੇ ਲੜਨਾ-ਪੂਰੇ ਜ਼ੋਰ ਨਾਲ਼ ਕੰਮ ਕਰਨਾ।
ਜਾਨ ਦੇਣਾ-ਪਿਆਰ 'ਚ ਜਾਨ ਹਾਜ਼ਰ ਕਰ ਦੇਣੀ, ਜਾਨ ਦੀ ਕੁਰਬਾਨੀ ਦੇ ਦੇਣੀ।
ਜਾਨ ਨਾਲ਼ੋਂ ਵੱਧ ਰੱਖਣਾ-ਬਹੁਤ ਹੀ ਪਿਆਰ ਨਾਲ਼ ਰੱਖਣਾ।
ਜਾਨ ਨੂੰ ਸਿਆਪੇ ਪਾਉਣੇ-ਅਜਾਈਂ ਮੁਸੀਬਤ ਗਲ਼ ਪੁਆ ਲੈਣੀ।
ਜਾਨ ਨੂੰ ਰੋਣਾ-ਦੁਖੀ ਹੋ ਕੇ ਦੂਜੇ ਨੂੰ ਕੋਸਣਾ।
ਜਾਨ ਪਾ ਦੇਣੀ-ਕਿਸੇ ਵਸਤੂ ਨੂੰ ਸੁੰਦਰ ਬਣਾ ਦੇਣਾ, ਖੜ੍ਹੇ ਕੰਮ ਨੂੰ ਨਵੇਂ ਸਿਰਿਓਂ ਤੋਰ ਦੇਣਾ।
ਜਾਨ ਮਾਰਨਾ-ਲਹੂ ਪਸੀਨਾ ਇਕ ਕਰਕੇ ਮਿਹਨਤ ਕਰਨੀ।
ਜਾਨ ਲਗਾਣਾ-ਪੂਰੀ ਲਗਨ ਤੇ ਮਿਹਨਤ ਨਾਲ਼ ਕੰਮ ਕਰਨਾ।
ਜਾਨ ਲਬਾਂ 'ਤੇ ਹੋਣੀ-ਮੌਤ ਦੇ ਕੰਢੇ ਹੋਣਾ।
ਜਾਨ ਵਿੱਚ ਜਾਨ ਆਉਣੀ-ਸੁੱਖ ਦਾ ਸਾਹ ਆਉਣਾ, ਆਸ ਬੱਝ ਜਾਣੀ, ਹੌਸਲਾ ਵੱਧਣਾ।
ਜਾਲ਼ ਵਿੱਚ ਫਸਣਾ-ਕਿਸੇ ਦੇ ਧੋਖੇ ਵਿੱਚ ਆ ਜਾਣਾ।
ਜਿਊਂਦਿਆਂ ਮਾਰਨਾ-ਬੇਇੱਜ਼ਤ ਕਰਨਾ, ਚਾਲ ਚੱਲਣੀ।
ਜਿਊਣਾ ਦੁੱਭਰ ਹੋਣਾ-ਬਹੁਤ ਹੀ ਔਖੇ ਦਿਨ ਬਤੀਤ ਕਰਨੇ।
ਜਿਸਮ ਟੁੱਟਣਾ-ਜ਼ੋਰ ਦਾ ਕੰਮ ਕਰਨ ਕਰਕੇ ਸਰੀਰਕ ਕਮਜ਼ੋਰੀ ਮਹਿਸੂਸ ਕਰਨੀ।
ਜਿਗਰ ਜਾਲਣਾ-ਸੜਨਾ, ਖਿਝਣਾ, ਦੁਖੀ ਹੋਣਾ।
ਜਿਗਰ ਨੂੰ ਠੰਢ ਪੈਣੀ-ਦਿਲ ਨੂੰ ਧੀਰਜ ਮਿਲਣਾ, ਮਨ ਸ਼ਾਂਤ ਹੋ ਜਾਣਾ
ਜਿੰਦ ਨੱਕ ਵਿੱਚ ਆਉਣੀ-ਦੁੱਖ ਸਹਿ ਨਾ ਹੋਣਾ, ਬਹੁਤ ਦੁਖੀ ਹੋਣਾ।
ਜਿੰਦ ਪ੍ਰਾਣ ਵਾਰ ਦੇਣਾ-ਆਪਣਾ ਸਭ ਕੁਝ ਕੁਰਬਾਨ ਕਰ ਦੇਣਾ।

ਲੋਕ ਸਿਆਣਪਾਂ/218