ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੱਕਰ ਲਾਉਣੀ-ਕਿਸੇ ਦਾ ਮੁਕਾਬਲਾ ਕਰਨਾ, ਵਿਰੋਧ ਕਰਨਾ।
ਟੱਕਰਾਂ ਮਾਰਨਾ-ਅਜਾਈਂ ਭਟਕਣ 'ਚ ਪਏ ਰਹਿਣਾ।
ਟਕੇ ਚਾਲ ਚੱਲਣਾ-ਸੁਸਤ ਰਫ਼ਤਾਰ ਨਾਲ਼ ਕੰਮ ਕਰਨਾ।
ਟਕੇ ਵਰਗਾ ਜੁਆਬ ਦੇਣਾ-ਕੋਰਾ ਜਵਾਬ ਦੇ ਦੇਣਾ, ਸਪੱਸ਼ਟ ਨਾਂਹ ਕਰ ਦੇਣੀ।
ਟਕੋਰ ਕਰਨਾ-ਗੁੱਝੀ ਮਾਰ ਮਾਰਨੀ, ਸੱਟ ਵਾਲੀ ਥਾਂ 'ਤੇ ਕੋਸੇ ਪਾਣੀ ਦਾ ਛਿੜਕਾ ਕਰਨਾ।
ਟੱਟੀ ਉਹਲੇ ਸ਼ਿਕਾਰ ਖੇਡਣਾ-ਆਪਣੇ ਨਿੱਜੀ ਹਿੱਤਾਂ ਦੀ ਪਾਲਣਾ ਲਈ ਛੁਪ ਕੇ ਕੰਮ ਕਰਨਾ।
ਟੱਟੂ ਪਾਰ ਹੋਣਾ-ਕਾਮਯਾਬੀ ਹਾਸਲ ਕਰਨਾ, ਸਫ਼ਲਤਾ ਮਿਲਣੀ।
ਟੱਪਰੀ ਨਾ ਬੰਨ੍ਹਣ ਦੇਣਾ-ਟਿਕ ਕੇ ਨਾ ਬਹਿਣ ਦੇਣਾ, ਸਥਾਪਤ ਨਾ ਹੋਣ ਦੇਣਾ।
ਟਪੂੰ ਟਪੂੰ ਕਰਨਾ-ਫੁਦਕਦੇ ਫਿਰਨਾ, ਹੱਕ ਜਤਾਉਣਾ, ਫੜਾਂ ਮਾਰਨੀਆਂ।
ਟਰ ਟਰ ਕਰਨਾ-ਐਵੇਂ ਬੇਥਵੀਆਂ ਮਾਰਨੀਆਂ, ਬਕਵਾਸ ਕਰੀ ਜਾਣਾ।
ਟਰਕਾ ਦੇਣਾ-ਗੱਪਾਂ ਮਾਰ ਕੇ ਟਾਲ਼ਾ ਲਾ ਦੇਣਾ।
ਟਾਹਣਾ ਨਿਵਣਾ-ਕਿਸੇ ਪਾਸੇ ਤੋਂ ਅਚਾਨਕ ਮਦਦ ਮਿਲ ਜਾਣੀ।
ਟਾਹਣੀਆਂ ਤੇ ਚੜ੍ਹਨਾ-ਕਿਸੇ ਹੋਰ ਖ਼ਿਆਲਾਂ ਮਗਰ ਲੱਗ ਤੁਰਨਾ, ਅਜਾਈਂ ਵਕਤ ਗੁਆਉਣਾ।
ਟਾਲ਼ ਦੇਣਾ-ਇਧਰ ਉਧਰ ਦੀਆਂ ਮਾਰ ਕੇ ਭੇਤ ਵਾਲ਼ੀ ਗੱਲ ਦਾ ਪਤਾ ਨਾ ਲੱਗਣ ਦੇਣਾ।
ਟਾਲ਼ ਮਟੋਲ਼ ਕਰਨਾ-ਬਹਾਨੇਬਾਜ਼ੀ ਕਰਨੀ, ਬਹਾਨੇ ਲਾ ਕੇ ਕੋਈ ਵਸਤੂ ਆਦਿ ਨਾ ਦੇਣਾ।
ਟਿਕ ਜਾਣਾ-ਅਰਾਮ ਨਾਲ਼ ਇਕ ਥਾਂ ਬਹਿ ਜਾਣਾ, ਸੌਂ ਜਾਣਾ।
ਟੀਸ ਵੱਜਣੀ-ਮਾੜੀ ਗੱਲ ਮਨ 'ਚ ਚੁੱਭ ਜਾਣੀ, ਸਦਮਾ ਲੱਗਣਾ।
ਟੁੱਕਰ ਜੁੜਨਾ-ਭੁੱਖਾਂ ਭਰੀ ਜ਼ਿੰਦਗੀ ਬਤੀਤ ਕਰਨ ਮਗਰੋਂ ਦੋ ਵੇਲੇ ਦੀ ਰੋਟੀ ਨਸੀਬ ਹੋ ਜਾਣੀ।
ਟੁੱਟ ਕੇ ਪੈਣਾ-ਜ਼ੋਰ ਦਾ ਕੰਮ ਕਰਨ ਮਗਰੋਂ ਥੱਕ-ਟੁੱਟ ਕੇ ਪੈ ਜਾਣਾ, ਖਿਝ ਕੇ ਬੋਲਣਾ, ਖਾਣੇ ਨੂੰ ਹਾਬੜਿਆਂ ਵਾਂਗ ਪੈ ਜਾਣਾ।
ਟੁੱਟੀਆਂ ਗੰਢਣਾ-ਟੁੱਟੀ ਦੋਸਤੀ ਪੁਆ ਦੇਣੀ, ਮਿੱਤਰਤਾ ਗੰਢ ਦੇਣੀ।
ਟੁੱਲ ਵੱਜਣਾ-ਦਾਅ ਲੱਗ ਜਾਣਾ, ਤੀਰ ਨਿਸ਼ਾਨੇ 'ਤੇ ਜਾ ਲੱਗਣਾ।

ਲੋਕ ਸਿਆਣਪਾਂ/224