ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰ ਦੀਆਂ ਪੱਕੀਆਂ ਬਾਹਰ ਆਉਂਦੀਆਂ ਨੇ——ਜਿਹੜੀ ਗੱਲ ਸਾਡੇ ਮਨ ਵਿੱਚ ਹੋਵੇ ਚੰਗੀ ਜਾਂ ਮੰਦੀ ਭਾਵਨਾ ਉਹ ਜ਼ਰੂਰ ਸ਼ਬਦਾਂ ਦਾ ਰੂਪ ਧਾਰ ਕੇ ਬਾਹਰ ਆ ਜਾਂਦੀ ਹੈ।

ਅੰਦਰ ਪੈਣ ਕੁੜੱਲਾਂ, ਬਾਹਰ ਬੰਸੀ ਵਾਲੇ਼ ਨਾਲ਼ ਗੱਲਾਂ——ਇਸ ਅਖਾਣ ਰਾਹੀਂ ਦਿਖਾਵੇ ਤੇ ਅਡੰਬਰ ਰਚਣ ਵਾਲੇ ਭੱਦਰ ਪੁਰਸ਼ਾਂ ਤੇ ਵਿਅੰਗ ਕੱਸਿਆ ਗਿਆ ਹੈ।  ਅੰਦਰ ਬਹਿ ਕੇ ਪਾਪ ਕਮਾਵੇ ਸੋ ਚੌਕੁੰਟੀ ਜਾਣੀਏਂ——ਮਨੁੱਖ ਦਾ ਕੀਤਾ ਹੋਇਆ ਪਾਪ ਹਰ ਹਾਲਾਤ ਵਿੱਚ ਨੰਗਾ ਹੋਵੇਗਾ ਚਾਹੇ ਉਹ ਕਿੰਨਾ ਵੀ ਲਕੋ ਕੇ ਕੀਤਾ ਗਿਆ ਹੋਵੇ। ਪਾਪ ਲੁਕਾਇਆਂ ਨਹੀਂ ਲੁਕਦੇ।

ਅੰਦਰ ਮਿਲੀਆਂ ਥੰਮੀਆਂ, ਵਿਹੜੇ ਨੂੰ ਸਲਾਮਾ-ਲੇਕਮ——ਜਦੋਂ ਕੋਈ ਆਪਣੀ ਅਸਫ਼ਲਤਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਅੱਧ ਪਾ ਆਟਾ ਚੁਬਾਰੇ ਰਸੋਈ——ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਹੌਲ਼ੇ ਦਿਲ ਵਾਲ਼ਾ ਤੇ ਹੋਛਾ ਹੋਵੇ ਤੇ ਦੂਜਿਆਂ ਨਾਲੋਂ ਵੱਖਰੇ ਰਹਿਣ 'ਚ ਆਪਣੀ ਸ਼ਾਨ ਸਮਝਦਾ ਹੋਵੇ।

ਅੱਧੀ ਮੀਆਂ ਮਨੋਵਰ, ਅੱਧੀ ਸਾਰਾ ਟੱਬਰ——ਜਦੋਂ ਕੋਈ ਬੰਦਾ ਬਾਕੀ ਟੱਬਰ ਦੇ ਜੀਆਂ ਨਾਲੋਂ ਬਹੁਤਾ ਖਾਵੇ ਜਾਂ ਬਹੁਤਾ ਹਿੱਸਾ ਲਵੇ ਉਦੋਂ ਕਹਿੰਦੇ ਹਨ।

ਅੱਧੋ ਅੱਧ ਸੁਹਾ——ਇਹ ਅਖਾਣ ਮਜ਼ਾਕ 'ਚ ਵਰਤਦੇ ਹਨ ਜਦੋਂ ਠੱਗੀ ਦਾ ਮਾਲ ਜਾਂ ਰਕਮ ਦੋ ਬਰਾਬਰ ਹਿੱਸਿਆਂ 'ਚ ਦੋ ਠੱਗ ਮਿਲਕੇ ਵੰਡਣ ਦਾ ਇਕਰਾਰ ਕਰਦੇ ਹਨ।

ਅੰਨ ਦਾ ਭਾਅ ਕਿਸ ਵਧਾਇਐ, ਅਖੇ ਜਿਹੜੇ ਰਾਤੀਂ ਭੁੱਖੇ ਸੁੱਤੇ ਨੇ——ਲੋੜਵੰਦ ਮਨੁੱਖ ਆਪਣੀ ਲੋੜ ਨੂੰ ਮੁੱਖ ਰੱਖਕੇ ਵਸਤੂ ਖ਼ਰੀਦਦਾ ਹੈ, ਉਹ ਭਾਅ ਨਹੀਂ ਪਰਖਦਾ।

ਅੰਨ੍ਹਾ ਬਿਆਜ ਸ਼ਾਹ ਨੂੰ ਖੋਵੇ, ਰੰਨ ਨੂੰ ਖੋਵੇ ਹਾਸੀ, ਆਲਸ ਨੀਂਦ ਕਿਸਾਨ ਨੂੰ ਖੋਹੇ, ਜਿਵੇਂ ਚੋਰ ਨੂੰ ਖਾਂਸੀ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਵੱਖ-ਵੱਖ ਪਰਾਣੀਆਂ ਨੂੰ ਜੀਵਨ ਦੇ ਵਿਹਾਰ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ।

ਅੰਨ੍ਹਾ ਹਾਥੀ ਲਸ਼ਕਰ ਦਾ ਉਜਾੜਾ——ਭਾਵ ਇਹ ਹੈ ਕਿ ਜੇ ਸ਼ਕਤੀ ਤੇ ਅਧਿਕਾਰ ਵਾਲ਼ਾ ਮਨੁੱਖ ਇਨਸਾਫ਼ ਪਸੰਦ ਤੇ ਸਿਆਣਾ ਨਾ ਹੋਵੇ ਤਾਂ ਉਹਦੇ ਹੱਥੋਂ ਆਮ ਲੁਕਾਈ ਦਾ ਬਹੁਤ ਨੁਕਸਾਨ ਹੁੰਦਾ ਹੈ।

ਅੰਨ੍ਹਾ ਕੀ ਜਾਣੇ ਬਸੰਤ ਦੀ ਬਹਾਰ——ਭਾਵ ਇਹ ਹੈ ਕਿ ਜਿਹੜੇ ਵਿਅਕਤੀ ਨੇ ਕਦੇ ਕੋਈ ਚੀਜ਼ ਵੇਖੀ ਹੀ ਨਾ ਹੋਵੇ ਉਹਦਾ ਆਨੰਦ ਉਹ ਕਿਵੇਂ ਮਾਣ ਸਕਦਾ ਹੈ।

ਅੰਨ੍ਹਾ ਕੀ ਭਾਲੇ ਦੋ ਅੱਖਾਂ——ਹਰ ਪੁਰਸ਼ ਆਪਣੀ ਮਨਪਸੰਦ ਇੱਛਾ ਤੇ ਲੋੜ ਦਾ ਚਾਹਵਾਨ ਹੁੰਦਾ ਹੈ। 

ਅੰਨ੍ਹਾ ਕੁੱਤਾ ਹਵਾ ਨੂੰ ਭੌਂਕੇ——ਜਦੋਂ ਕੋਈ ਬੰਦਾ ਅਸਲ ਗੱਲ ਜਾਣੇ ਬਿਨਾ ਦੁਜੇ 'ਤੇ ਦੋਸ਼ ਥੱਪੇ ਜਾਂ ਬੁਰਾ ਭਲਾ ਕਹੇ, ਉਦੋਂ ਇਹ ਅਖਾਣ ਬੋਲਦੇ ਹਨ।

ਲੋਕ ਸਿਆਣਪਾਂ/21